ਅਮਰੀਕਾ ਵੱਲੋਂ ‘ਔਕਸ’ ਚ ਭਾਰਤ ਜਾਂ ਜਾਪਾਨ ਨੂੰ ਸ਼ਾਮਲ ਕਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ

321
Share

ਵਾਸ਼ਿੰਗਟਨ, 24 ਸਤੰਬਰ (ਪੰਜਾਬ ਮੇਲ)- ਅਮਰੀਕਾ ਨੇ ਰਣਨੀਤਕ ਪੱਖੋਂ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ ਵਿਚ 21ਵੀਂ ਸਦੀ ਦੀਆਂ ਚੁਣੌਤੀਆਂ ਤੋਂ ਪਾਰ ਪਾਉਣ ਲਈ ਆਸਟਰੇਲੀਆ ਤੇ ਬਿ੍ਰਟੇਨ ਨਾਲ ਮਿਲ ਕੇ ਬਣਾਏ ਨਵੇਂ ਤਿੰਨ ਧਿਰੀ ਗੱਠਜੋੜ ‘ਔਕਸ’ (ਏ.ਯੂ.ਕੇ.ਯੂ.ਐੱਸ.) ਵਿਚ ਭਾਰਤ ਜਾਂ ਜਾਪਾਨ ਨੂੰ ਸ਼ਾਮਲ ਕਰਨ ਦੀਆਂ ਸੰਭਾਵਨਾ ਤੋਂ ਨਾਂਹ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਆਸਟਰੇਲਿਆਈ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ 15 ਸਤੰਬਰ ਨੂੰ ਸਾਂਝੇ ਤੌਰ ’ਤੇ ਤਿੰਨ ਧਿਰੀ ਸੁਰੱਖਿਆ ਗੱਠਜੋੜ ‘ਔਕਸ’ ਦੇ ਗਠਨ ਦਾ ਐਲਾਨ ਕੀਤਾ ਸੀ। ਗੱਠਜੋੜ ਤਹਿਤ ਆਸਟਰੇਲੀਆ ਨੂੰ ਪਹਿਲੀ ਵਾਰ ਪ੍ਰਮਾਣੂ ਤਾਕਤ ਨਾਲ ਲੈਸ ਪਣਡੁੱਬੀਆਂ ਦੀ ਫਲੀਟ ਮਿਲੇਗੀ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੈੱਨ ਸਾਕੀ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਪਿਛਲੇ ਹਫ਼ਤੇ ‘ਔਕਸ’ ਦਾ ਐਲਾਨ ਕੋਈ ਸੰਕੇਤ ਦੇਣ ਦੇ ਇਰਾਦੇ ਨਾਲ ਨਹੀਂ ਕੀਤਾ ਗਿਆ ਸੀ। ਮੇਰਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਇਹੀ ਸੁਨੇਹਾ ਆਪਣੇ ਫਰਾਂਸੀਸੀ ਹਮਰੁਤਬਾ ਇਮੈਨੁਅਲ ਮੈਕਰੌਂ ਨੂੰ ਦਿੱਤਾ ਸੀ ਕਿ ਭਾਰਤ-ਪ੍ਰਸ਼ਾਂਤ ਦੀ ਸੁਰੱਖਿਆ ਲਈ ਅਜਿਹਾ ਕੋਈ ਹੋਰ ਨਹੀਂ ਹੈ, ਜਿਸ ਨੂੰ ਇਸ (ਗੱਠਜੋੜ) ਵਿਚ ਸ਼ਾਮਲ ਕੀਤਾ ਜਾਵੇ।’’
ਪੱਤਰਕਾਰਾਂ ਨੇ ਸਾਕੀ ਨੂੰ ਪੁੱਛਿਆ ਸੀ ਕਿ ਭਾਰਤ ਤੇ ਜਾਪਾਨ ਜਿਹੇ ਮੁਲਕ, ਜੋ ਕਿ ਇਸ ਹਫ਼ਤੇ ਹੋਣ ਵਾਲੀ ‘ਕੁਆਡ’ (ਚਾਰ ਮੁਲਕੀ) ਵਾਰਤਾ ਲਈ ਵਾਸ਼ਿੰਗਟਨ ਵਿਚ ਹੋਣਗੇ, ਨੂੰ ਕੀ ਇਸ ਨਵੇਂ ਸੁਰੱਖਿਆ ਗੱਠਜੋੜ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ‘ਕੁਆਡ’ ਵਿਚ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਸ਼ਾਮਲ ਹਨ।

Share