ਅਮਰੀਕਾ ਵੱਲੋਂ ਅਫ਼ਗਾਨ ਫ਼ੌਜਾਂ ’ਤੇ ਖਰਚੇ ਅਰਬਾਂ ਡਾਲਰ ਦਾ ਤਾਲਿਬਾਨ ਨੂੰ ਮਿਲਿਆ ਫਾਇਦਾ

429
Share

ਸਾਨ ਫਰਾਂਸਿਸਕੋ, 19 ਅਗਸਤ (ਪੰਜਾਬ ਮੇਲ)- ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇ ਕਿ ਦੋ ਦਹਾਕਿਆਂ ’ਚ 83 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਤਿਆਰ ਤੇ ਸਿਖਲਾਈ ਪ੍ਰਾਪਤ ਅਫ਼ਗਾਨ ਸੁਰੱਖਿਆ ਬਲ ਤਾਲਿਬਾਨ ਦੇ ਸਾਹਮਣੇ ਪੂਰੀ ਤਰ੍ਹਾਂ ਟੁੱਟ ਜਾਣਗੇ। ਕਈ ਮਾਮਲਿਆਂ ’ਚ ਅਫ਼ਗਾਨ ਸੁਰੱਖਿਆ ਬਲਾਂ ਵੱਲੋਂ ਇਕ ਵੀ ਗੋਲੀ ਨਹੀਂ ਚਲਾਈ ਗਈ। ਅਜਿਹੀ ਸਥਿਤੀ ’ਚ ਇਹ ਸਵਾਲ ਉੱਠਦਾ ਹੈ ਕਿ ਅਮਰੀਕਾ ਦੇ ਇਸ ਵੱਡੇ ਨਿਵੇਸ਼ ਦਾ ਲਾਭ ਕਿਸ ਨੂੰ ਮਿਲਿਆ, ਇਸ ਦਾ ਜਵਾਬ ਤਾਲਿਬਾਨ ਹੈ। ਉਨ੍ਹਾਂ ਨੇ ਨਾ ਸਿਰਫ ਅਫ਼ਗਾਨਿਸਤਾਨ ’ਚ ਰਾਜਨੀਤਿਕ ਸ਼ਕਤੀ ’ਤੇ ਕਬਜ਼ਾ ਕੀਤਾ, ਬਲਕਿ ਉਨ੍ਹਾਂ ਨੇ ਅਮਰੀਕਾ ਤੋਂ ਆਏ ਹਥਿਆਰ, ਗੋਲਾ ਬਾਰੂਦ, ਹੈਲੀਕਾਪਟਰ ਆਦਿ ਵੀ ਆਪਣੇ ਕਬਜ਼ੇ ’ਚ ਲੈ ਲਏ। ਜਦੋਂ ਤਾਲਿਬਾਨ ਨੇ ਅਫ਼ਗਾਨ ਫ਼ੌਜਾਂ ਨੂੰ ਕੁਚਲ ਦਿੱਤਾ, ਜੋ ਜ਼ਿਲ੍ਹਾ ਕੇਂਦਰਾਂ ਦੀ ਰੱਖਿਆ ਕਰਨ ’ਚ ਅਸਫਲ ਰਹੀਆਂ ਤੇ ਉਨ੍ਹਾਂ ਨੇ ਉਨ੍ਹਾਂ ਦੇ ਆਧੁਨਿਕ ਫੌਜੀ ਉਪਕਰਣ ਵੀ ਆਪਣੇ ਕਬਜ਼ੇ ’ਚ ਲੈ ਲਏ। ਤਾਲਿਬਾਨ ਨੂੰ ਸਭ ਤੋਂ ਵੱਡਾ ਲਾਭ ਉਦੋਂ ਹੋਇਆ, ਜਦੋਂ ਉਸ ਨੇ ਸੂਬਾਈ ਰਾਜਧਾਨੀਆਂ ਤੇ ਫ਼ੌਜੀ ਠਿਕਾਣਿਆਂ ’ਤੇ ਹੈਰਾਨੀਜਨਕ ਗਤੀ ਨਾਲ ਕਬਜ਼ਾ ਕਰਨ ਤੋਂ ਬਾਅਦ ਲੜਾਕੂ ਜਹਾਜ਼ਾਂ ਤੱਕ ਪਹੁੰਚ ਪ੍ਰਾਪਤ ਕੀਤੀ। ਹਫ਼ਤੇ ਦੇ ਅਖੀਰ ਤੱਕ ਉਸ ਨੇ ਕਾਬੁਲ ਦਾ ਕੰਟਰੋਲ ਵੀ ਮੁੜ ਪ੍ਰਾਪਤ ਕਰ ਲਿਆ ਸੀ। ਇਕ ਅਮਰੀਕੀ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰੀਕਾ ਦੁਆਰਾ ਅਫ਼ਗਾਨਿਸਤਾਨ ਫ਼ੌਜ ਨੂੰ ਸਪਲਾਈ ਕੀਤੇ ਗਏ ਹਥਿਆਰਾਂ ਅਤੇ ਉਪਕਰਨਾਂ ਦੀ ਵੱਡੀ ਮਾਤਰਾ ਤਾਲਿਬਾਨਾਂ ਦੇ ਕਬਜ਼ੇ ਵਿਚ ਹੈ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਗੱਲ ਕੀਤੀ, ਕਿਉਂਕਿ ਉਹ ਇਸ ਮਾਮਲੇ ’ਤੇ ਜਨਤਕ ਤੌਰ ’ਤੇ ਚਰਚਾ ਕਰਨ ਲਈ ਅਧਿਕਾਰਿਤ ਨਹੀਂ ਹਨ। ਅਫ਼ਗਾਨ ਫ਼ੌਜਾਂ ਨੇ ਕੁਝ ਮਾਮਲਿਆਂ ’ਚ ਲੜਾਈ ਦੀ ਬਜਾਇ ਆਪਣੇ ਹਥਿਆਰਾਂ ਤੇ ਵਾਹਨਾਂ ਨਾਲ ਸਮਰਪਣ ਕਰਨ ਦੀ ਚੋਣ ਕੀਤੀ ਹੈ। ਸਥਿਰ ਅਫ਼ਗਾਨ ਫ਼ੌਜ ਤੇ ਪੁਲਿਸ ਬਲ ਬਣਾਉਣ ’ਚ ਅਮਰੀਕਾ ਦੀ ਅਸਫਲਤਾ ਤੇ ਉਨ੍ਹਾਂ ਦੇ ਪਤਨ ਦੇ ਕਾਰਨਾਂ ਦਾ ਫ਼ੌਜੀ ਵਿਸ਼ਲੇਸ਼ਕ ਸਾਲਾਂ ਤੋਂ ਅਧਿਐਨ ਕਰਨਗੇ। ਹਾਲਾਂਕਿ, ਬੁਨਿਆਦੀ ਮਾਪ ਸਪੱਸ਼ਟ ਹਨ ਤੇ ਇਰਾਕ ’ਚ ਜੋ ਹੋਇਆ ਉਸ ਤੋਂ ਬਹੁਤ ਵੱਖਰੇ ਨਹੀਂ ਹਨ।

Share