ਅਮਰੀਕਾ ਵੱਲੋਂ ਅਫ਼ਗਾਨਿਸਤਾਨ ’ਚ ਅਫਗਾਨ ਸੁਰੱਖਿਆ ਬਲਾਂ ਦੀ ਮਦਦ ਲਈ ਹਵਾਈ ਹਮਲੇ

231
Share

ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਪਿਛਲੇ ਕੁਝ ਦਿਨਾਂ ਦੌਰਾਨ ਅਫ਼ਗਾਨਿਸਤਾਨ ’ਚ ਹਵਾਈ ਹਮਲੇ ਕੀਤੇ ਹਨ। ਪੈਂਟਾਗਨ ਮੁਤਾਬਕ ਇਹ ਹਮਲੇ ਤਾਲਿਬਾਨ ਨਾਲ ਲੜ ਰਹੇ ਅਫ਼ਗਾਨ ਸੁਰੱਖਿਆ ਬਲਾਂ ਦੀ ਮਦਦ ਕਰਨ ਲਈ ਕੀਤੇ ਗਏ ਹਨ। ਦੱਸਣਯੋਗ ਹੈ ਕਿ ਅਮਰੀਕਾ ਦੇ ਸਭ ਤੋਂ ਸੀਨੀਅਰ ਫ਼ੌਜੀ ਅਧਿਕਾਰੀ ਇਹ ਮੰਨ ਰਹੇ ਹਨ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ‘ਰਣਨੀਤਕ ਚੜ੍ਹਤ’ ਕਾਇਮ ਕਰ ਲਈ ਹੈ। ਅਫ਼ਗਾਨਿਸਤਾਨ ਦੇ 400 ਜ਼ਿਲ੍ਹਿਆਂ (ਕਰੀਬ ਅੱਧਾ ਅਫ਼ਗਾਨਿਸਤਾਨ) ’ਚ ਤਾਲਿਬਾਨ ਦਾ ਇਸ ਵੇਲੇ ਦਬਦਬਾ ਹੈ। ਪੈਂਟਾਗਨ ਨੇ ਹਾਲਾਂਕਿ ਹਮਲਿਆਂ ਬਾਰੇ ਵਿਸਤਾਰ ਵਿਚ ਕੁਝ ਨਹੀਂ ਦੱਸਿਆ। ਅਮਰੀਕਾ ਦੇ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਮੀਡੀਆ ਨੂੰ ਦੱਸਿਆ ਕਿ ਭਵਿੱਖ ’ਚ ਵੀ ਉਹ ਅਫ਼ਗਾਨ ਬਲਾਂ ਦੀ ਮਦਦ ਲਈ ਹਵਾਈ ਹੱਲੇ ਜਾਰੀ ਰੱਖਣਗੇ। ਇਸ ਬਾਰੇ ਫ਼ੈਸਲਾ ਅਫ਼ਗਾਨਿਸਤਾਨ ਵਿਚ ਹਾਲੇ ਮੌਜੂਦ ਅਮਰੀਕੀ ਫ਼ੌਜਾਂ ਦੇ ਕਮਾਂਡਰ ਜਨਰਲ ਕੈਨੇਥ ‘ਫਰੈਂਕ’ ਮੈਕੈਂਜ਼ੀ ਲੈਣਗੇ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਕਰੀਬ ਦੋ ਦਹਾਕਿਆਂ ਬਾਅਦ ਆਪਣੀਆਂ ਫ਼ੌਜਾਂ ਅਫ਼ਗਾਨਿਸਤਾਨ ਵਿਚੋਂ ਕੱਢਣ ਦਾ ਫ਼ੈਸਲਾ ਲਿਆ ਹੈ ਤੇ ਕਾਫ਼ੀ ਫ਼ੌਜ ਕੱਢੀ ਵੀ ਜਾ ਚੁੱਕੀ ਹੈ। ਸੀ.ਐੱਨ.ਐੱਨ. ਦੀ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਨੇ ਪਿਛਲੇ 30 ਦਿਨਾਂ ਦੌਰਾਨ ਕਰੀਬ ਛੇ ਜਾਂ ਸੱਤ ਹਵਾਈ ਹਮਲੇ ਕੀਤੇ ਹਨ।

Share