ਅਮਰੀਕਾ ਵੱਲੋਂ ਅਫਗਾਨ ਕੇਂਦਰੀ ਬੈਂਕ ਦੀ 9.5 ਅਰਬ ਡਾਲਰ ਦੀ ਜਾਇਦਾਦ ਜ਼ਬਤ

411
Share

ਵਾਸ਼ਿੰਗਟਨ, 19 ਅਗਸਤ (ਪੰਜਾਬ ਮੇਲ)-ਅਫਗਾਨਿਸਤਾਨ ਵਿਚ ਤਾਲਿਬਾਨ ਕਬਜ਼ੇ ਤੋਂ ਬਾਅਦ ਅਮਰੀਕਾ ਤਾਲਿਬਾਨ ਦੇ ਹੱਥੋਂ ਨਕਦੀ ਦੂਰ ਰੱਖਣ ਦੇ ਕਦਮ ਚੁੱਕ ਰਿਹਾ ਹੈ। ਇਸ ਕੜੀ ਵਿਚ ਅਮਰੀਕਾ ਨੇ ਅਫਗਾਨਿਸਤਾਨ ਦੇ ਸੈਂਟਰਲ ਬੈਂਕ ਦੀ ਕਰੀਬ 9.5 ਅਰਬ ਡਾਲਰ ਯਾਨੀ 706 ਅਰਬ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਜ਼ਬਤ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਦੇਸ਼ ਦੇ ਪੈਸੇ ਤਾਲਿਬਾਨ ਦੇ ਹੱਥ ਨਾ ਚਲੇ ਜਾਣ, ਇਸ ਦੇ ਲਈ ਅਮਰੀਕਾ ਨੇ ਫਿਲਹਾਲ ਅਫਗਾਨਿਸਤਾਨ ਨੂੰ ਕੈਸ਼ (ਨਕਦ) ਸਪਲਾਈ ਵੀ ਰੋਕ ਦਿੱਤੀ ਹੈ। ਅਮਰੀਕੀ ਵਿੱਤ ਮੰਤਰਾਲਾ ਨੇ ਫੈਡਰਲ ਰਿਜ਼ਰਵ ਅਤੇ ਹੋਰ ਅਮਰੀਕੀ ਬੈਂਕਾਂ ਦੁਆਰਾ ਪਾਬੰਦੀਸ਼ੁਦਾ ਨਕਦ ਭੰਡਾਰ ਨੂੰ ਤਾਲਿਬਾਨ ਦੇ ਹੱਥਾਂ ਵਿਚ ਜਾਣ ਤੋਂ ਰੋਕਣ ਲਈ ਇਹ ਕਦਮ ਚੁੱਕੇ ਹਨ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਬਾਇਡਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅਮਰੀਕਾ ਵਿਚ ਅਫਗਾਨ ਸਰਕਾਰ ਦੇ ਸੈਂਟਰਲ ਬੈਂਕ ਦੀ ਕੋਈ ਵੀ ਜਾਇਦਾਦ ਤਾਲਿਬਾਨ ਲਈ ਉਪਲੱਬਧ ਨਹੀਂ ਹੋਵੇਗੀ ਅਤੇ ਇਹ ਜਾਇਦਾਦ ਵਿੱਤ ਮੰਤਰਾਲਾ ਦੀ ਪਾਬੰਦੀਸ਼ੁਦਾ ਸੂਚੀ ’ਚ ਰਹੇਗੀ।
ਤਾਲਿਬਾਨ ’ਤੇ ਅਮਰੀਕੀ ਰੋਕ ਦਾ ਮਤਲਬ ਹੈ ਕਿ ਹੁਣ ਉਹ ਕਿਸੇ ਵੀ ਫੰਡ ਦਾ ਇਸਤੇਮਾਲ ਨਹੀਂ ਕਰ ਸਕਦਾ ਹੈ। ਹਾਲਾਂਕਿ, ਇਸਨੂੰ ਲੈ ਕੇ ਵਿੱਤ ਮੰਤਰਾਲਾ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਵ੍ਹਾਈਟ ਹਾਊਸ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਹੈ ਕਿ ਤਾਲਿਬਾਨ ਨੇ ਅਮਰੀਕਾ ਦੁਆਰਾ ਅਫਗਾਨਿਸਤਾਨ ਨੂੰ ਦਿੱਤੇ ਜਿਨ੍ਹਾਂ ਹਥਿਆਰਾਂ ’ਤੇ ਕਬਜ਼ਾ ਕਰ ਲਿਆ ਹੈ, ਉਨ੍ਹਾਂ ਨੂੰ ਉਹ ਵਾਪਸ ਕਰੇਗਾ।

Share