ਅਮਰੀਕਾ ਵੱਲੋਂ ਅਫਗਾਨਿਸਤਾਨ ’ਚ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਡਰੋਨ ਹਮਲੇ ’ਚ ਬਣਾਇਆ ਨਿਸ਼ਾਨਾ

436
Share

ਫਰਿਜ਼ਨੋ, 29 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਫੌਜਾਂ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ’ਚ ਇਸਲਾਮਿਕ ਸਟੇਟ ’ਤੇ ਜਵਾਬੀ ਹਮਲਾ ਕਰਦਿਆ ਇਸ ਅੱਤਵਾਦੀ ਸਮੂਹ ਦੇ ਸਹਿਯੋਗੀ ਸੰਗਠਨ ਵਿਰੁੱਧ ਡਰੋਨ ਹਮਲਾ ਕਰਦਿਆਂ ਇਸਦੇ ਇੱਕ ਮੈਂਬਰ ਨੂੰ ਮਾਰ ਦਿੱਤਾ ਹੈ। ਅਮਰੀਕਾ ਦੁਆਰਾ ਇਹ ਜਵਾਬੀ ਕਾਰਵਾਈ ਕਾਬੁਲ ਹਵਾਈ ਅੱਡੇ ’ਤੇ ਹੋਏ ਵਿਨਾਸ਼ਕਾਰੀ ਆਤਮਘਾਤੀ ਹਮਲੇ ਤੋਂ ਬਾਅਦ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਕੀਤੀ ਗਈ।
ਯੂ.ਐੱਸ. ਸੈਂਟਰਲ ਕਮਾਂਡ (ਸੈਂਟਕਾਮ) ਦੇ ਅਨੁਸਾਰ ਇਸ ਕਾਰਵਾਈ ਵਿਚ ਆਈ.ਐੱਸ.ਆਈ.ਐੱਸ.-ਕੇ ਦੇ ਪਲੈਨਰ (ਯੋਜਨਾਕਾਰ) ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਅੱਤਵਾਦੀ ਸਮੂਹ ਨੂੰ ਇਸਲਾਮਿਕ ਸਟੇਟ ਖੋਰਾਸਾਨ ਵੀ ਕਿਹਾ ਜਾਂਦਾ ਹੈ ਅਤੇ ਇਸਨੇ ਵੀਰਵਾਰ ਦੇ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਅਮਰੀਕਾ ਦੀ ਕੇਂਦਰੀ ਕਮਾਂਡ ਦੇ ਕੈਪਟਨ ਬਿਲ ਅਰਬਨ ਨੇ ਦੱਸਿਆ ਕਿ ਇਹ ਮਨੁੱਖ ਰਹਿਤ ਹਵਾਈ ਹਮਲਾ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿਚ ਕੀਤਾ ਗਿਆ ਸੀ, ਜਿਸ ਵਿਚ ਇਸ ਅੱਤਵਾਦੀ ਸਮੂਹ ਦਾ ਮੈਂਬਰ ਮਾਰਿਆ ਗਿਆ। ਅਮਰੀਕੀ ਫੌਜਾਂ ਵੱਲੋਂ ਇਹ ਡਰੋਨ ਹਮਲਾ ਰਾਸ਼ਟਰਪਤੀ¿; ਜੋਅ ਬਾਇਡਨ ਦੁਆਰਾ ਵੀਰਵਾਰ ਸ਼ਾਮ ਨੂੰ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਾ ਕਰਨ ਦੀ ਸਹੁੰ ਖਾਣ ਤੋਂ ਬਾਅਦ¿; ਕੀਤਾ ਗਿਆ। ਇੱਕ ਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਬਾਇਡਨ ਨੇ ਇਸ ਡਰੋਨ ਸਟਰਾਈਕ ਨੂੰ ਅਧਿਕਾਰਤ ਕੀਤਾ ਸੀ ਅਤੇ ਫਿਰ ਇਸਦਾ ਆਦੇਸ਼ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਦਿੱਤਾ ਸੀ।

Share