ਅਮਰੀਕਾ ਵਿੱਚ ਵਾਇਰਸ ਦੇ ਡੈਲਟਾ ਵੇਰੀਐਂਟ ਨੂੰ ਰੋਕਣ ਲਈ ਫੇਸ ਮਾਸਕ ਨਹੀਂ ਹਨ ਜ਼ਰੂਰੀ: ਸੀ ਡੀ ਸੀ

253
Share

ਫਰਿਜ਼ਨੋ, 1 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੰਸਥਾ ‘ਸੈਂਟਰ ਫਾਰ ਡਾਇਸੀਜ਼ ਕੰਟਰੋਲ ਐਂਡ ਪਰਵੈਂਸਨ’ (ਸੀ ਡੀ ਸੀ) ਦੀ ਡਾਇਰੈਕਟਰ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕੋਰੋਨਾ ਟੀਕੇ ਲੱਗੇ ਹੋਣ ਦਾ ਮਤਲਬ ਹੈ ਕਿ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਵਿਰੁੱਧ ਅੰਦਰੂਨੀ ਸਥਾਨਾਂ ‘ਤੇ ਚਿਹਰੇ ਦੇ ਮਾਸਕ ਦੀ ਜਰੂਰਤ ਨਹੀਂ ਹੈ। ਸੀ ਡੀ ਸੀ ਦੀ ਡਾਇਰੈਕਟਰ ਡਾ. ਰੋਸ਼ੇਲ ਵਾਲੈਂਸਕੀ ਨੇ ਬੁੱਧਵਾਰ ਨੂੰ ਦੱਸਿਆ ਪੂਰੀ ਤਰ੍ਹਾਂ ਵੈਕਸੀਨ ਲੱਗੇ ਹੋਣ ਦੀ ਸੂਰਤ ਵਿੱਚ ਵਾਇਰਸ ਦੇ ਰੂਪਾਂ ਤੋਂ ਸੁਰੱਖਿਆ ਪ੍ਰਦਾਨ ਹੁੰਦੀ ਹੈ ਅਤੇ ਵਾਲੈਂਸਕੀ ਅਨੁਸਾਰ ਸੀ ਡੀ ਸੀ ਦੁਆਰਾ ਚਿਹਰੇ ਦੇ ਮਾਸਕ ਦੀਆਂ ਜ਼ਰੂਰਤਾਂ ਸਬੰਧੀ ਫੈਸਲੇ ਸਟੇਟਾਂ ਉੱਪਰ ਛੱਡੇ ਜਾਣਗੇ। ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਨੇ ਸ਼ੁੱਕਰਵਾਰ ਨੂੰ ਸੁਝਾਅ ਦਿੱਤਾ ਸੀ ਕਿ ਪੂਰੀ ਤਰ੍ਹਾਂ ਟੀਕੇ ਲਗਾਏ ਹੋਏ ਲੋਕਾਂ ਨੂੰ ਜਿੱਥੇ ਸੰਭਵ ਹੋਵੇ ਡੈਲਟਾ ਵੈਰੀਐਂਟ ਨੂੰ ਰੋਕਣ ਲਈ ਅਜੇ ਵੀ ਫੇਸ ਮਾਸਕ ਦੀ ਜਰੂਰਤ ਹੈ। ਪਰ ਵਾਲੈਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਡਬਲਯੂ ਐੱਚ ਓ ਦੇ ਸੁਝਾਅ ਨੂੰ  ਉਨ੍ਹਾਂ ਦੇਸ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜਿਥੇ ਕੋਵਿਡ-19 ਟੀਕਾਕਰਨ ਦੀ ਦਰ ਬਹੁਤ ਘੱਟ ਜਾਂ ਬਿਲਕੁੱਲ ਨਹੀਂ ਹੈ। ਇਸ ਲਈ ਪੂਰੀ ਤਰ੍ਹਾਂ ਟੀਕੇ ਲਗਵਾਏ ਹੋਏ ਲੋਕਾਂ ਨੂੰ ਡੈਲਟਾ ਵੇਰੀਐਂਟ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਭਾਰਤ ਵਿਚ ਸਭ ਤੋਂ ਪਹਿਲਾਂ ਲੱਭੇ ਗਏ, ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਹੁਣ ਤੱਕ ਘੱਟੋ ਘੱਟ 96 ਦੇਸ਼ਾਂ ਵਿੱਚ ਪਛਾਣ ਕੀਤੀ ਗਈ ਹੈ। ਟੈਸਟ ਦਿਖਾਉਂਦੇ ਹਨ ਕਿ ਮੋਡਰਨਾ ਟੀਕਾ ਡੈਲਟਾ ਕੋਰੋਨਾ ਵਾਇਰਸ ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਦਿਖਦੀ ਹੈ ਅਤੇ  ਇਕ ਹੋਰ ਅਧਿਐਨ ਨੇ ਦਿਖਾਇਆ ਕਿ ਫਾਈਜ਼ਰ-ਬਾਇਓਨਟੈਕ ਟੀਕਾ ਦੋ ਖੁਰਾਕਾਂ ਤੋਂ ਬਾਅਦ 88% ਪ੍ਰਭਾਵਸ਼ਾਲੀ ਹੈ। ਜਦਕਿ ਡੈਲਟਾ ਵੇਰੀਐਂਟ ਦੇ ਵਿਰੁੱਧ ਜੌਹਨਸਨ ਐਂਡ ਜੌਹਨਸਨ  ਦੇ ਇੱਕ ਖੁਰਾਕ ਵਾਲੇ ਟੀਕੇ ਦੀ ਪ੍ਰਭਾਵਸ਼ੀਲਤਾ ਬਾਰੇ ਕੋਈ ਨਤੀਜੇ ਜਾਰੀ ਨਹੀਂ ਕੀਤੇ ਗਏ ਹਨ।

Share