ਅਮਰੀਕਾ ਵਿੱਚ ਬਰਫੀਲੇ ਤੂਫਾਨ ਨੇ ਲਈ ਦੋ ਵਿਅਕਤੀਆਂ ਦੀ ਜਾਨ

141
Share

ਫਰਿਜ਼ਨੋ (ਕੈਲੀਫੋਰਨੀਆਂ), 17 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਕੋਰੋਨਾਂ ਵਾਇਰਸ ਦੇ ਚਲਦਿਆਂ ਹੁਣ ਅਮਰੀਕਾ ਵਿੱਚ ਬਰਫੀਲੇ ਤੁਫਾਨ ਨੇ ਦਸਤਕ ਦਿੱਤੀ ਹੈ। ਦੇਸ਼ ਦੇ ਉੱਤਰ ਪੂਰਬ ਵਿੱਚ 70 ਮਿਲੀਅਨ ਅਮਰੀਕੀ ਲੋਕ ਇਸ ਤੁਫਾਨ ਕਾਰਨ ਭਾਰੀ ਬਰਫਾਰੀ ਅਤੇ ਬਾਰਸ਼ ਦਾ ਸਾਹਮਣਾ ਕਰ ਰਹੇ ਹਨ। ਇਸ ਬਰਫੀਲੇ ਤੁਫਾਨ ਨਾਲ ਕੁਝ ਥਾਵਾਂ ‘ਤੇ 2 ਫੁੱਟ ਤੱਕ ਬਰਫ ਪੈਣ ਦੇ ਨਾਲ  50 ਮੀਲ ਪ੍ਰਤੀ ਘੰਟਾ ਦੀਆਂ ਹਵਾਵਾਂ ਅਤੇ ਬਰਫੀਲੀ ਬਰਸਾਤ ਹੋਣ ਦੀ ਵੀ ਉਮੀਦ ਹੈ।ਰਾਜ ਅਤੇ ਸਹਿਰ ਜਿਹਨਾਂ ਵਿੱਚ ਨਿਊਯਾਰਕ ਅਤੇ ਬੋਸਟਨ ਸ਼ਾਮਲ ਹਨ, ਪਹਿਲਾਂ ਹੀ ਐਮਰਜੈਂਸੀ ਦਾ ਐਲਾਨ ਕਰਦੇ ਹੋਏ ਕੋਰੋਨਾਂ ਵਾਇਰਸ ਟੈਸਟਿੰਗ ਸਮੇਤ ਕਈ ਸੇਵਾਵਾਂ ਵੀ ਬੰਦ ਕਰ ਰਹੇ ਹਨ।ਇਸਦੇ ਇਲਾਵਾ ਵਰਜੀਨੀਆ ਵਿੱਚ ਬਰਫਬਾਰੀ ਕਾਰਨ ਲੋਕਾਂ ਨੂੰ  ਮੇਨ ਸੜਕਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਵਰਜੀਨੀਆ ਵਿੱਚ ਬੁੱਧਵਾਰ ਸਵੇਰੇ ਬਰਫੀਲੇ ਤੁਫਾਨ ਕਾਰਨ ਉੱਤਰੀ ਕੈਰੋਲਿਨਾ ਦੇ ਪੇਮਬਰੋਕ ਵਾਸੀ 19 ਸਾਲਾ ਬਰੇਨਨਾਗਨ ਕੇ. ਲਾਕਲੇਅਰ ਦੀ ਮੌਤ ਹੋ ਗਈ ਹੈ। ਬਰਫਬਾਰੀ ਕਾਰਨ ਹੋਈ ਇੱਕ ਹੋਰ ਘਟਨਾ ਦੌਰਾਨ ਪੈਨਸਿਲਵੇਨੀਆ ਵਿੱਚ ਵੀ ਇੱਕ ਵਿਅਕਤੀ ਦੀ ਸੈਰ ਕਰਦੇ ਸਮੇ  ਟਰੱਕ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਹੈ।ਇਹ ਤੂਫਾਨ ਕੋਲੋਰਾਡੋ ਤੋਂ ਮਾਈਨ ਤੱਕ ਫੈਲਿਆ ਹੋਇਆ ਹੈ ਅਤੇ ਘੱਟੋ ਘੱਟ 14 ਰਾਜਾਂ ਵਿੱਚ ਸਰਦੀਆਂ ਦੇ ਇਸ ਬਰਫੀਲੇ ਤੂਫਾਨ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਨਿਊਯਾਰਕ ਸਿਟੀ ਵਿੱਚ ਵੀ 10 ਇੰਚ ਤੱਕ ਬਰਫ ਪੈਣ ਦੀ ਸੰਭਾਵਨਾ ਹੋਣ ਕਰਕੇ ਮੇਅਰ ਬਿਲ ਡੀ ਬਲਾਸੀਓ ਨੇ ਮੰਗਲਵਾਰ ਨੂੰ ਇਸ ਗੰਭੀਰ ਤੂਫਾਨ ਤੋਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।ਮਾਹਿਰਾਂ ਅਨੁਸਾਰ ਇਹ ਬਰਫੀਲੇ ਤੁਫਾਨ ਦੀ ਸਥਿਤੀ ਕੋਰੋਨਾਂ ਮਹਾਂਮਾਰੀ ਦੌਰਾਨ ਹੀ ਸਾਹਮਣੇ ਆਈ ਹੈ,ਜਿਸ ਕਾਰਨ ਕਈ ਸੂਬਿਆਂ ਵਿੱਚ ਕੋਰੋਨਾਂ ਵਾਇਰਸ ਟੈਸਟਿੰਗ ਸਾਈਟਾਂ ਬੰਦ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਕਨੈਟੀਕਟ, ਮੈਰੀਲੈਂਡ, ਮੈਸੇਚਿਉਸੇਟਸ, ਨਿਊਜਰਸੀ, ਨਿਊਯਾਰਕ, ਪੈਨਸਿਲਵੇਨੀਆ ਅਤੇ ਰ੍ਹੋਡ ਆਈਲੈਂਡ ਆਦਿ ਸ਼ਾਮਲ ਹਨ। ਇਸਦੇ ਇਲਾਵਾ ਇਹ ਵੀ ਚਿੰਤਾ ਹੈ ਕਿ ਇਹ ਮੌਸਮ ਫਾਈਜ਼ਰ ਟੀਕੇ ਦੀ ਸਪਲਾਈ ਤੇ ਵੀ ਰੋਕ ਲਗਾ ਸਕਦਾ ਹੈ।

Share