ਅਮਰੀਕਾ ਵਿੱਚ  ਕਾਰ ਦੀ ਡਿੱਕੀ ‘ਚ ਦੋ ਬੱਚਿਆਂ ਦੀਆਂ ਲਾਸ਼ਾਂ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫਤਾਰ

444
Share

ਫਰਿਜ਼ਨੋ (ਕੈਲੀਫੋਰਨੀਆ) 1 ਅਗਸਤ, (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਇੱਕ ਮਹਿਲਾ ਨੂੰ ਪੁਲਿਸ ਨੇ ਬੁੱਧਵਾਰ ਨੂੰ ਉਸਦੀ ਕਾਰ  ਦੀ ਡਿੱਗੀ ਵਿੱਚ ਦੋ ਬੱਚਿਆਂ ਦੀਆਂ ਲਾਸ਼ਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਟਰੈਫਿਕ ਸਟਾਪ ਦੌਰਾਨ ਰੋਕੀ ਇਸ ਮਹਿਲਾ ਦੀ ਕਾਰ ਵਿੱਚੋਂ ਦੋ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ ਜੋ ਕਿ ਉਸਦੇ ਭਾਣਜਾ ਅਤੇ ਭਾਣਜੀ ਮੰਨੇ ਜਾਂਦੇ ਹਨ। ਇਹ ਮਹਿਲਾ ਅਮਰੀਕਾ ਦੇ ਬਾਲਟੀਮੋਰ ਨਾਲ ਸਬੰਧਿਤ ਹੈ ਅਤੇ ਇਸਦਾ ਨਾਮ ਨਿਕੋਲ ਜੌਹਨਸਨ ਹੈ। ਨਿਕੋਲ ਉੱਪਰ ਚਾਈਲਡ ਅਬਿਊਜ਼, ਸੱਤ ਸਾਲਾ ਲੜਕੀ ਅਤੇ ਪੰਜ ਸਾਲ ਦੇ ਲੜਕੇ ਦੇ ਕਤਲ ਸਮੇਤ ਕਈ ਦੋਸ਼ ਲੱਗੇ ਹਨ। ਅਧਿਕਾਰੀਆਂ ਅਨੁਸਾਰ ਨਿਕੋਲ ਨੇ ਪਿਛਲੇ ਸਾਲ ਮਈ ਮਹੀਨੇ ਵਿੱਚ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਕਾਰ ਦੀ ਡਿੱਗੀ ਵਿੱਚ ਰੱਖੀਆਂ ਅਤੇ  ਇਸ ਤੋਂ ਬਾਅਦ ਉਸਨੇ ਕਾਰ ਦੀ ਆਮ ਵਰਤੋਂ ਜਾਰੀ ਰੱਖੀ। ਇਸ ਮਹਿਲਾ ਦੀ ਗ੍ਰਿਫਤਾਰੀ ਬੁੱਧਵਾਰ ਨੂੰ ਉਸ ਦੁਆਰਾ ਤੇਜ਼ ਰਫਤਾਰ ਨਾਲ ਕਾਰ ਚਲਾਉਣ ‘ਤੇ ਰੋਕਣ ਦੌਰਾਨ ਹੋਈ। ਨਿਕੋਲ ਕੋਲ ਕਾਰ ਦੇ ਸਹੀ ਡਾਕੂਮੈਂਟ ਵੀ ਨਹੀਂ ਸਨ। ਜੌਹਨਸਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 2019 ਵਿੱਚ ਉਸਦੀ ਭੈਣ ਨੇ ਇਹਨਾਂ ਦੋਵਾਂ ਬੱਚਿਆਂ ਨੂੰ ਦੇਖਭਾਲ ਲਈ ਉਸਦੇ ਕੋਲ ਭੇਜਿਆ ਸੀ। ਜੌਹਨਸਨ ਨੇ  ਮੰਨਿਆ ਕਿ ਉਸਨੇ ਆਪਣੀ ਭਾਣਜੀ ਨੂੰ ਕਈ ਵਾਰ ਕੁੱਟਿਆ ਸੀ ਅਤੇ ਲੜਕੀ ਦਾ ਸਿਰ ਫਰਸ਼ ਨਾਲ ਟਕਰਾਉਣ ਤੋਂ ਬਾਅਦ ਮੌਤ ਹੋ ਗਈ ਸੀ। ਹਾਲਾਂਕਿ ਲੜਕੇ ਦੀ ਮੌਤ ਦੇ ਕਾਰਨ ਅਜੇ ਅਨਜਾਣ ਹਨ ਅਤੇ ਪੁਲਿਸ ਇਸਦੀ ਜਾਂਚ ਕਰ ਰਹੀ ਹੈ।

Share