ਅਮਰੀਕਾ ਵਿਚ ਸੜਕ ਹਾਦਸਿਆਂ ਵਿਚ ਮੌਤਾਂ ਦੀ ਗਿਣਤੀ ਵਿਚ ਨਿਰੰਤਰ ਵਾਧਾ *2021 ਵਿਚ 42915 ਮੌਤਾਂ ਹੋਈਆਂ

38
Share

ਸੈਕਰਾਮੈਂਟੋ, 19 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰੀ ਮਾਰਗ ਆਵਾਜਾਈ ਸੁਰੱਖਿਆ ਪ੍ਰਸ਼ਾਸਨ ( ਐਨ ਐਚ ਟੀ ਐਸ ਏ) ਅਨੁਸਾਰ ਅਮਰੀਕਾ ਵਿਚ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ। ਇਸ ਦਾ ਕਾਰਨ ਜਿਥੇ ਨਸ਼ਾ ਕਰਕੇ ਗੱਡੀ ਚਲਾਉਣਾ ਹੈ ਉਥੇ ਲਾਪਰਵਾਹੀ ਵਰਤਣਾ ਤੇ ਤੇਜ਼ ਰਫਤਾਰ ਵੀ ਇਕ ਕਾਰਨ ਹੈ। ਰਾਸ਼ਟਰੀ ਮਾਰਗ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਦੁਆਰਾ ਦਿੱਤੇ ਵੇਰਵੇੇ ਅਨੁਸਾਰ 2021 ਵਿਚ ਸੜਕ ਹਾਦਸਿਆਂ ਦੌਰਾਨ 42915 ਲੋਕਾਂ ਦੀ ਜਾਨ ਸੜਕ ਹਾਦਸਿਆਂ ਵਿਚ ਗਈ ਜੋ ਪਿਛਲੇ 16 ਸਾਲਾਂ ਦੌਰਾਨ ਕਿਸੇ ਇਕ ਸਾਲ ਵਿਚ ਹੋਈਆਂ ਸਭ ਤੋਂ ਵਧ ਮੌਤਾਂ ਹਨ। 2020 ਦੀ ਤੁਲਨਾ ਵਿੱਚ 2021 ਦੌਰਾਨ ਸੜਕ ਹਾਦਸਿਆਂ ਵਿਚ 10.5% ਵਧ ਮੌਤਾਂ ਹੋਈਆਂ।   ਕਈ ਵਾਹਣਾਂ ਦੇ ਟਕਰਾਅ ਜਾਣ ਕਾਰਨ 16% ਮੌਤਾਂ ਹੋਈਆਂ। ਸ਼ਹਿਰੀ ਸੜਕਾਂ ‘ਤੇ ਹੋਏ ਹਾਦਸਿਆਂ ਦੌਰਾਨ 16%, ਦਿਹਾਤੀ ਇੰਟਰਸਟੇਟ ਸੜਕਾਂ ‘ਤੇ 15% ਤੇ ਪੈਦਲ ਜਾਂਦੇ ਲੋਕਾਂ ਨਾਲ ਵਾਪਰੇ ਹਾਦਸਿਆਂ ਵਿਚ13% ਮੌਤਾਂ ਹੋਈਆਂ। ਅਵਾਜਾਈ ਸੁਰੱਖਿਆ ਮਾਹਿਰਾਂ ਅਨੁਸਾਰ ਅਮਰੀਕਾ ਵਿਚ 2020 ਦੌਰਾਨ ਪ੍ਰਤੀ ਮੀਲ ਔਸਤ ਮੌਤਾਂ ਵਿਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਹੈ। ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬੁਟਿਗੀਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਮਰੀਕਾ ਦੀਆਂ ਸੜਕਾਂ ਉਪਰ ਮੌਤਾਂ ਦੇ ਰੂਪ ਵਿਚ ਸਾਨੂੰ ਇਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਹੱਲ ਹਰ ਹਾਲਤ ਵਿਚ ਰਲਮਿਲਕੇ  ਲੱਭਿਆ ਜਾਣਾ ਚਾਹੀਦਾ ਹੈ। ਟਰਾਂਸਪੋਟੇਸ਼ਨ ਵਿਭਾਗ ਨੇ ਇਸ ਸਾਲ ਦੇ ਸ਼ੁਰੂ ਵਿਚ ਰਾਸ਼ਟਰੀ ਮਾਰਗ ਸੁਰੱਖਿਆ ਰਣਨੀਤੀ ਦਾ ਐਲਾਨ ਕੀਤਾ ਸੀ। ਇਹ ਰਣਨੀਤੀ ‘ ਸੇਫ ਸਿਸਟਮਜ਼’ ਉਪਰ ਅਧਾਰਤ ਹੈ ਜਿਸ ਵਿਚ ਸੜਕਾਂ ਦਾ ਡਿਜ਼ਾਈਨ ਬਣਾਉਣ ਵਾਲੇ ਇੰਜੀਨੀਅਰਾਂ ਸਮੇਤ ਸੁਰੱਖਿਆ ਪ੍ਰਣਾਲੀ ਵਿਚ ਸ਼ਾਮਿਲ ਹਰ ਵਿਅਕਤੀ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ। ਇਹ ਇਹ ਗੱਲ ਵੀ ਸਾਹਮਣੇ ਆਈ ਹੈ ਕਿ ‘ਮਾਰੋ ਤੇ ਦੌੜ ਜਾਓ’ ਦੇ ਨਾਲ ਨਾਲ ਪੈਦਲ ਜਾਣ ਵਾਲਿਆਂ ਤੇ ਬਾਈਸਾਈਕਲ ਸਵਾਰਾਂ ਦੀਆਂ ਹਾਦਸਿਆਂ ਵਿਚ ਮੌਤਾਂ ਵਧੀਆਂ ਹਨ। ਹਾਦਸਿਆਂ ਤੋਂ ਬਚਣ ਤੇ ਮੌਤਾਂ ਨੂੰ ਟਾਲਣ ਲਈ ਐਨ ਐਚ ਟੀ ਐਸ ਏ ਦੀ ਤਜਵੀਜ਼ਸ਼ੁੱਦਾ ਯੋਜਨਾ ਵਿਚ ਨਵੀਆਂ ਕਾਰਾਂ ਦੇ ਮੁਲਾਂਕਣ ਪ੍ਰੋਗਰਾਮ ਵਿਚ ਤਬਦੀਲੀ ਕੀਤੀ ਗਈ ਹੈ ਜਿਸ ਤਹਿਤ ਕਾਰ ਦੇ ਅੰਦਰ ਤੇ ਬਾਹਰ ਸੁਰੱਖਿਆ ਉਪਕਰਣਾਂ ਉਪਰ ਜੋਰ ਦਿੱਤਾ ਗਿਆ  ਹੈ। ਰਵਾਇਤੀ ਤੌਰ ‘ਤੇ ਵਾਹਣਾਂ ਦੇ ਅੰਦਰ ਵਿਅਕਤੀਆਂ ਦੀ ਸੁਰੱਖਿਆ ਉਪਰ ਧਿਆਨ ਦਿੱਤਾ ਜਾਂਦਾ ਹੈ। ਐਨ ਐਚ ਟੀ ਐਸ ਏ ਨੇ ਕਿਹਾ ਹੈ ਕਿ ਉਹ ਪੈਦਲ ਲੋਕਾਂ ਦੇ ਬਚਾਅ ਲਈ ਨਵੇਂ ਯਾਤਰੀ ਵਾਹਣਾਂ ਵਿਚ ‘ਆਟੋਮੈਟਿਕ ਐਮਰਜੰਸੀ ਬਰੇਕਿੰਗ’ ਨਿਯਮ ਬਣਾ ਰਹੀ ਹੈ। ‘ਐਡਵੋਕੇਟਸ ਫਾਰ ਹਾਈਵੇਅ ਐਂਡ ਆਟੋ ਸੇਫਟੀ’ ਦੇ ਪ੍ਰਧਾਨ ਕੈਥੀ ਚੇਜ ਨੇ ਇਕ ਬਿਆਨ ਵਿਚ ਦੇਸ਼ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੜਕ ਹਾਦਸੇ ਰੋਕਣ ਲਈ ਤੁਰੰਤ ਮੌਜੂਦ ਕਦਮਾਂ ਉਪਰ ਤੁੰਰਤ ਕਾਰਵਾਈ ਕਰਨ।


Share