ਅਮਰੀਕਾ ਵਿਚ ਮੁੰਬਈ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਤਹੱਵੁਰ ਹੁਸੈਨ ਰਾਣਾ ਗ੍ਰਿਫ਼ਤਾਰ

705
Share

ਲਾਸ ਏਂਜਲਸ, 20 ਜੂਨ (ਪੰਜਾਬ ਮੇਲ)- ਮੁੰਬਈ ਵਿਚ  2008 ਵਿਚ ਹੋਏ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ਵਿਚ ਅਮਰੀਕਾ ਵਿਚ ਸਜ਼ਾ ਕੱਟ ਚੁੱਕੇ ਅੱਤਵਾਦੀ ਤਹੱਵੁਰ ਹੁਸੈਨ ਰਾਣਾ ਨੂੰ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿਚ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਤਹੱਵੁਰ ਰਾਣਾ ਨੂੰ ਭਾਰਤ ਭੇਜੇ ਜਾਣ ਦੀ ਸੰਭਾਵਨਾ ਹੈ।

ਮੁੰਬਈ ਅੱਤਵਾਦੀ ਹਮਲੇ ਵਿਚ ਲੋੜੀਂਦੇ ਪਾਕਿਸਤਾਨੀ-ਕੈਨੇਡੀਅਨ ਮੂਲ ਦੇ ਤਹੱਵੁਰ ਰਾਣਾ ਦੇ ਖ਼ਿਲਾਫ਼ ਭਾਰਤ ਹਵਾਲੇ ਕਰਨ ਦਾ ਮਾਮਲਾ ਲੰਬਿਤ ਹੈ।
ਦੱਸਿਆ ਜਾ ਰਿਹਾ ਕਿ ਦੋ ਦਿਨ ਪਹਿਲਾਂ ਹੀ ਉਸ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਲੇਕਿਨ ਅਮਰੀਕੀ ਪ੍ਰਸ਼ਾਸਨ ਨੇ ਉਸ ਨੂੰ ਮੁੜ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਕਿ ਭਾਰਤ ਸਰਕਾਰ ਟਰੰਪ ਪ੍ਰਸ਼ਾਸਨ ਦੇ ਪੂਰੇ ਸਹਿਯੋਗ ਦੇ ਨਾਲ ਪਾਕਿਸਤਾਨੀ-ਕੈਨੇਡੀਅਨ ਨਾਗਰਿਕ ਦੀ ਹਵਾਲਗੀ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੀ ਹੈ। ਰਾਣਾ ਦੀ ਜੇਲ੍ਹ ਦੀ ਸਜ਼ਾ 14 ਸਾਲ ਦੀ, ਦਸੰਬਰ 2021 ਵਿਚ ਪੂਰੀ ਹੋਣ ਵਾਲੀ ਸੀ ਲੇਕਿਨ ਉਸ ਨੂੰ ਛੇਤੀ ਰਿਹਾਅ ਕਰ ਦਿੱਤਾ ਗਿਆ ਸੀ।
ਤਹੱਵੁਰ ਰਾਣਾ ਨੂੰ ਮੁੰਬਈ 26/11 ਹਮਲੇ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ 2009 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਲਸ਼ਕਰ ਏ ਤਾਇਬਾ ਦੇ 10 ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ ਵਿਚ ਅਮਰੀਕੀ ਨਾਗਰਿਕਾਂ ਸਣੇ ਕਰੀਬ 166 ਲੋਕਾਂ ਦੀ ਜਾਨ ਗਈ ਸੀ । ਪੁਲਿਸ ਨੇ 9 ਅੱਤਵਾਦੀਆਂ ਨੂੰ ਮੌਕੇ ‘ਤੇ ਮਾਰ ਦਿੱਤਾ ਸੀ ਅਤੇ ਜ਼ਿੰਦਾ ਕਾਬੂ ਕੀਤੇ ਗਏ ਅੱਤਵਾਦੀ ਕਸਾਬ ਨੂੰ ਬਾਅਦ ਵਿਚ ਫਾਂਸੀ ਦਿੱਤੀ ਗਈ ਸੀ।  ਰਾਣਾ ਨੂੰ 2013 ਵਿਚ 14 ਸਾਲ ਦੀ ਸਜ਼ਾ ਸੁਣਾਈ ਗਈ ਸੀ।


Share