ਅਮਰੀਕਾ ਵਿਚ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਮਹਿੰਗਾਈ ਸਿਖਰ ‘ਤੇ ਪੁੱਜੀ

93
Share

* ਖਾਣ ਪੀਣ ਵਾਲੀਆਂ ਵਸਤਾਂ ਹੋਈਆਂ ਮਹਿੰਗੀਆਂ, ਮਕਾਨ ਮਾਲਕਾਂ ਨੇ ਕਿਰਾਏ ਵਿਚ ਕੀਤਾ ਵਾਧਾ  
ਸੈਕਰਾਮੈਂਟੋ, 11 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਮਹਿੰਗਾਈ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਿਖਰ ‘ਤੇ ਪੁੱਜ ਗਈ ਹੈ। ਗੈਸ, ਖੁਰਾਕੀ ਵਸਤਾਂ ਤੇ ਰਿਹਾਇਸ਼ ਦੇ ਕਿਰਾਏ ਵਿਚ ਹੋਏ ਵਾਧੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਆਰਥਿਕ ਮਾਹਿਰਾਂ ਦਾ ਅਨੁਮਾਨ ਹੈ ਕਿ ਜਿਸ ਤੇਜ਼ੀ ਨਾਲ ਮਹਿੰਗਾਈ ਵਧੀ ਹੈ, ਉਸ ਤੇਜ਼ੀ ਨਾਲ ਘਟੇਗੀ ਨਹੀਂ ਤੇ ਇਸ ਦੇ ਘਟਣ ਦੀ ਰਫਤਾਰ ਸੁਸਤ ਹੋਵੇਗੀ। ਖਪਤਕਾਰ ਸੂਚਕ ਅੰਕ ‘ਚ 8.6% ਸਾਲਾਨਾ ਦਾ ਵਾਧਾ ਹੋਇਆ ਹੈ। ਕਿਰਤ ਵਿਭਾਗ ਅਨੁਸਾਰ ਦਸੰਬਰ 1981 ਤੋਂ ਬਾਅਦ ਖਪਤਕਾਰ ਸੂਚਕ ਅੰਕ ਵਿਚ ਹੋਇਆ ਇਹ ਵਾਧਾ ਸਭ ਤੋਂ ਵੱਡਾ ਹੈ। ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਮੁਦਰਾ ਸਫੀਤੀ ਦੀ ਦਰ 8.3% ‘ਤੇ ਕਾਇਮ ਰੱਖੀ ਜਾ ਸਕਦੀ ਹੈ। ਪਿਛਲੇ ਮਹੀਨੇ ਮਈ ‘ਚ ਖਪਤਕਾਰ ਸੂਚਕ ਅੰਕ ਵਿਚ 1% ਦਾ ਵਾਧਾ ਹੋਇਆ ਹੈ ਤੇ ਇਹ ਅਪ੍ਰੈਲ ਮਹੀਨੇ ਨਾਲੋਂ 0.3% ਜ਼ਿਆਦਾ ਹੈ। ਗੈਸ ਦੀ ਕੀਮਤ ਵਿਚ 4.1% ਦਾ ਵਾਧਾ ਹੋਇਆ ਹੈ, ਜਦਕਿ ਕਰਿਆਣੇ ਦੀਆਂ ਕੀਮਤਾਂ 1.4% ਵਧੀਆਂ ਹਨ ਤੇ ਪਿਛਲੇ ਸਾਲ ਦੀ ਤੁਲਨਾ ਵਿਚ ਇਹ ਕੀਮਤਾਂ 11.9% ਵਧੀਆਂ ਹਨ। ਇਸ ਦਾ ਵੱਡਾ ਕਾਰਨ ਯੂਕਰੇਨ ਵਿਚ ਰੂਸ ਦੀ ਚੱਲ ਰਹੀ ਜੰਗ ਹੈ, ਜਿਸ ਕਾਰਨ ਸਪਲਾਈ ਰੁੱਕ ਗਈ ਹੈ। ਤੇਲ, ਕਣਕ, ਮੱਕੀ ਤੇ ਹੋਰ ਵਸਤਾਂ ਦੀ ਸਪਲਾਈ ‘ਚ ਵਿਘਨ ਨਿਰੰਤਰ ਜਾਰੀ ਹੈ। ਪਿਛਲੇ ਮਹੀਨੇ ਕੇਕ, ਕੱਪ ਕੇਕਸ ਤੇ ਕੁਕੀਜ਼ ਦੀਆਂ ਕੀਮਤਾਂ ਵਿਚ 3.1% ਦਾ ਵਾਧਾ ਹੋਇਆ। ਮੱਛੀ ਦੀ ਕੀਮਤ 2.2% ਵਧੀ ਹੈ ਤੇ ਆਂਡਿਆਂ ਦੀ ਕੀਮਤ 5% ਵਧੀ ਹੈ, ਜੋ ਅਪ੍ਰੈਲ ਵਿਚ 10.3% ਵਧੀ ਸੀ। ਮੁਰਗੇ ਦੀ ਕੀਮਤ ਵਿਚ ਲਗਾਤਾਰ ਦੂਸਰੇ ਮਹੀਨੇ 3% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਕੋਵਿਡ ਮਹਾਮਾਰੀ ਦੌਰਾਨ ਘਰਾਂ ਦੀਆਂ ਕੀਮਤਾਂ ਵਿਚ ਹੋਏ ਤੇਜ਼ੀ ਨਾਲ ਵਾਧੇ ਦੇ ਮੱਦੇਨਜ਼ਰ ਮਾਲਕਾਂ ਨੇ ਆਪਣਾ ਮੁਨਾਫਾ ਕਾਇਮ ਰੱਖਣ ਲਈ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਆਰਥਿਕ ਮਾਹਿਰਾਂ ਦੀ ਮੰਨੀਏ ਤਾਂ ਅਜੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਈ ਵੀ-ਪਾਰਥਨੋਨ ਵਿਖੇ ਮੁੱਖ ਅਰਥਸ਼ਾਸ਼ਤਰੀ ਵਜੋਂ ਸੇਵਾਵਾਂ ਦੇ ਰਹੇ ਗਰੇਗੋਰੀ ਡਾਕੋ ਨੇ ਇਕ ਨੋਟ ਵਿਚ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮਹਿੰਗਾਈ ਦੀ ਰਫਤਾਰ ਕਿਸੇ ਵੀ ਪੱਧਰ ਤੱਕ ਘੱਟ ਸਕਦੀ ਹੈ ਪਰੰਤੂ ਫਿਰ ਵੀ ਇਹ ਸਖਤ ਰਹੇਗੀ। ਵਾਈਟ ਹਾਊਸ ਵੀ ਸਪੱਸ਼ਟ ਕਰ ਚੁੱਕਾ ਹੈ ਕਿ ਬਾਇਡਨ ਪ੍ਰਸ਼ਾਸਨ ਕੋਲ ਮਹਿੰਗਾਈ ਘੱਟ ਕਰਨ ਲਈ ਕੋਈ ਰਾਹ ਬਚਿਆ ਨਹੀਂ ਹੈ।


Share