ਅਮਰੀਕਾ ਵਿਚ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਦੇ ਮਾਮਲੇ ਵਿਚ ਭਾਰਤੀਆਂ ਦੀ ਗਿਣਤੀ ਕੁੱਲ ਅਰਜ਼ੀ ਦਾ 68 ਫ਼ੀਸਦੀ

636

ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿਚ ਨੌਕਰੀ ਵਾਲੇ ਗ੍ਰੀਨ  ਕਾਰਡ ਦੀ ਲਾਈਨ ਵਿਚ ਖੜ੍ਹੇ ਭਾਰਤੀਆਂ ਦੀ ਗਿਣਤੀ ਕਾਫ਼ੀ ਵਧੀ ਹੈ। ਅਮਰੀਕੀ ਸਰਕਾਰ ਦੇ ਪ੍ਰਵਾਸੀ ਅਤੇ ਨਾਗਰਿਕਤਾ ਸੇਵਾ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਜੇਕਰ ਅਮਰੀਕਾ ਦੀ ਨੌਕਰੀ ਵਾਲੀ ਨਾਗਰਿਕਤਾ ਦੀ ਐਪਲੀਕੇਸ਼ਨ ਦੀ ਗੱਲ ਕਰੀਏ ਤਾਂ ਸਾਲ 2020 ਵਿਚ ਇਹ ਵੱਧ ਕੇ 12 ਲੱਖ ਨੂੰ ਪਾਰ ਕਰ ਗਈ ਹੈ। ਇਹ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਹੈ। ਗ੍ਰੀਨ ਕਾਰਡ ਦੀ ਐਪਲੀਕੇਸ਼ਨ ਦੇ ਮਾਮਲੇ ਵਿਚ ਭਾਰਤੀਆਂ ਦੀ ਗਿਣਤੀ ਕੁੱਲ ਅਰਜ਼ੀ ਦਾ 68 ਫ਼ੀਸਦੀ ਹੈ। ਅਮਰੀਕਾ ਦੀ ਥਿੰਕ ਟੈਂਕ ਕੈਟੋ ਇੰਸਟੀਚਿਊਟ ਦੇ ਇਕ ਅਧਿਐਨ ਅਨੁਸਾਰ ਭਾਰਤੀ ਮਾਲਕਾਂ ਦੀ ਸਪਾਂਸਰਸ਼ਿਪ ਐਪਲੀਕੇਸ਼ਨਾਂ ਦੀ ਗਿਣਤੀ ਵੀ 8 ਦਹਾਕਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਇਸ ਐਪਲੀਕੇਸ਼ਨ ਵਿਚ 2 ਲੱਖ ਤੋਂ ਜ਼ਿਆਦਾ ਬਿਨੈਕਾਰ ਅਜਿਹੇ ਹਨ, ਜਿਨ੍ਹਾਂ ਨੂੰ ਗਰੀਨ ਕਾਰਡ ਮਿਲਣ ਦੇ ਬਾਅਦ ਵੀ ਉਹ ਇਸ ਦੀ ਵਰਤੋਂ ਨਹੀਂ ਕਰ ਪਾਉਣਗੇ। ਜੇਕਰ ਅਮਰੀਕਾ ਵਿਚ ਗ੍ਰੀਨ ਕਾਰਡ ਐਪਲੀਕੇਸ਼ ਦੀ ਗੱਲ ਕਰੀਏ ਤਾਂ ਇਸ ਵਿਚ ਚੀਨ ਦੇ ਬਿਨੈਕਾਰਾਂ ਦੀ ਹਿੱਸੇਦਾਰੀ 14 ਫ਼ੀਸਦੀ ਅਤੇ ਬਾਕੀ ਦੁਨੀਆ ਦੇ ਲੋਕਾਂ ਦੀ ਹਿੱਸੇਦਾਰੀ 18 ਫ਼ੀਸਦੀ ਹੈ। ਅਮਰੀਕਾ ਵਿਚ ਨੌਕਰੀ ਆਧਾਰਿਤ ਗਰੀਨ ਕਾਰਡ ਜਾਂ ਸਥਾਈ ਰੁਜ਼ਗਾਰ ਪ੍ਰੋਗਰਾਮ ਅਸਲ ਵਿਚ ਵੱਡੀਆਂ ਕੰਪਨੀਆਂ ਵੱਲੋਂ ਵਰਤੋਂ ਵਿਚ ਲਿਆਇਆ ਜਾਂਦਾ ਹੈ। ਇਸ ਵਿਚ ਉੱਚ ਕੁਸ਼ਲਤਾ ਵਾਲੇ ਕਾਮਿਆਂ ਨੂੰ ਅਮਰੀਕਾ ਵਿਚ ਸਥਾਈ ਨਾਗਰਿਕਤਾ ਲਈ ਸਪਾਂਸਰ ਕੀਤਾ ਜਾਂਦਾ ਹੈ। ਇਸ ਸਮੇਂ ਅਮਰੀਕਾ ਨੇ ਸਥਾਈ ਨਾਗਰਿਕਤਾ ਵਾਲੇ ਗ੍ਰੀਨ ਕਾਰਡ ਦੀ ਸੀਮਾ 7 ਫ਼ੀਸਦੀ ‘ਤੇ ਨਿਰਧਾਰਤ ਕਰ ਦਿੱਤੀ ਹੈ। ਇਸ ਹਿਸਾਬ ਨਾਲ ਹਰ ਸਾਲ ਨੌਕਰੀ ਵਾਲੇ ਗ੍ਰੀਨ ਕਾਰਡ ਸਿਰਫ਼ 1,40,000 ਲੋਕਾਂ ਨੂੰ ਹੀ ਦਿੱਤੇ ਜਾਂਦੇ ਹਨ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਪ੍ਰਵਾਸੀ ਲੋਕਾਂ ਨੂੰ ਰੁਜ਼ਗਾਰ ਉਪਲੱਬਧ ਕਰਾਉਣ ਦੀ ਅਮਰੀਕੀ ਸਰਕਾਰ ਦੀ ਨੀਤੀ ਵਿਚ ਵੱਡਾ ਬਦਲਾਅ ਆਇਆ ਹੈ ਅਤੇ ਗ੍ਰੀਨ ਕਾਰਡ ਦੀ ਸੀਮਾ ਤੈਅ ਕੀਤੇ ਜਾਣ ਦੀ ਵਜ੍ਹਾ ਨਾਲ ਬੈਕਲਾਗ ਵੱਧ ਗਿਆ ਹੈ। ਇਸ ਦੇ ਨਾਲ ਹੀ ਗ੍ਰੀਨ ਕਾਰਡ ਲਈ ਦਿੱਤੀ ਜਾਣ ਵਾਲੀ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਵਿਚ ਦੇਰੀ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਅਮਰੀਕਾ ਨੇ ਵਿੱਤੀ ਸਾਲ 2021 ਵਿਚ ਗ੍ਰੀਨ ਕਾਰਡ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਸੀ। ਇਸ ਦੀ ਵਜ੍ਹਾ ਇਹ ਸੀ ਕਿ 1,21,000 ਗ੍ਰੀਨ  ਕਾਰਡ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਇਸ ਵਿਚ ਫੈਮਿਲੀ ਕੋਟਾ ਵੀ ਜੋੜ ਦਿੱਤਾ ਗਿਆ ਸੀ।