ਅਮਰੀਕਾ ਵਿਚ ਓਮੀਕਰੋਨ ਨੇ ਫੜੀ ਰਫਤਾਰ, ਪਿਛਲੇ ਹਫਤੇ 73% ਮਾਮਲੇ ਓਮੀਕਰੋਨ ਦੇ ਆਏ : ਸੰਘੀ ਸਿਹਤ ਅਧਿਕਾਰੀ

210
Share

ਸੈਕਰਾਮੈਂਟੋ, 22 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ’ਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਕੋਈ ਖੁੱਲ੍ਹਾ ਸਮਾਜਿਕ ਜੀਵਨ ਜੀਵੇਗਾ, ਉਸ ਦਾ ਸਾਹਮਣਾ ਓਮੀਕਰੋਨ ਨਾਲ ਹੋਣਾ ਲਾਜ਼ਮੀ ਹੈ। ਸੰਘੀ ਸਿਹਤ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿਚ ਪਿਛਲੇ ਹਫਤੇ ਕੋਰੋਨਾ ਦੇ ਆਏ ਨਵੇਂ ਮਾਮਲਿਆਂ ਵਿਚੋਂ 73% ਮਾਮਲੇ ਓਮੀਕਰੋਨ ਵਾਇਰਸ ਦੇ ਹਨ। ਸੈਂਟਰਜ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀ.ਡੀ.ਸੀ.) ਅਨੁਸਾਰ ਕੇਵਲ ਇਕ ਹਫਤੇ ’ਚ ਓਮੀਕਰੋਨ ਦੇ ਫੈਲਣ ਦੀ ਰਫਤਾਰ ਵਿਚ 6 ਗੁਣਾ ਵਾਧਾ ਹੋਇਆ ਹੈ। ਅਮਰੀਕਾ ਦੇ ਕਈ ਖੇਤਰਾਂ ’ਚ 90% ਤੱਕ ਓਮੀਕਰੋਨ ਦੇ ਮਾਮਲੇ ਆ ਰਹੇ ਹਨ। ਇਨ੍ਹਾਂ ਖੇਤਰਾਂ ਵਿਚ ਨਿਊਯਾਰਕ, ਦੱਖਣ ਪੱਛਮੀ ਖੇਤਰ, ਸਨਅਤੀ ਮਿਡਵੈਸਟ ਤੇ ਪੈਸੀਫਿਕ ਉਤਰ-ਪੱਛਮੀ ਖੇਤਰ ਸ਼ਾਮਿਲ ਹਨ। ਸੀ.ਡੀ.ਸੀ. ਦੇ ਅੰਕੜਿਆਂ ਅਨੁਸਾਰ ਨਵੰਬਰ ਦੇ ਅੰਤ ਤੱਕ 99.5% ਤੋਂ ਵਧ ਮਾਮਲੇ ਡੈਲਟਾ ਵਾਇਰਸ ਦੇ ਸਨ। ਅਫਰੀਕੀ ਵਿਗਿਆਨੀਆਂ ਨੇ ਇਕ ਮਹੀਨੇ ਦੇ ਵੀ ਘੱਟ ਸਮੇਂ ਤੋਂ ਪਹਿਲਾਂ ਓਮੀਕਰੋਨ ਬਾਰੇ ਚਿਤਾਵਨੀ ਜਾਰੀ ਕੀਤੀ ਸੀ, ਜਿਸ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ ਨੇ 26 ਨਵੰਬਰ ਨੂੰ ਕੀਤੀ ਸੀ। ਇਕ ਮਹੀਨੇ ਦੇ ਵੀ ਘੱਟ ਸਮੇਂ ਵਿਚ ਓਮੀਕਰੋਨ 90 ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ। ਜੌਹਨਜ਼ ਹੋਪਕਿਨਜ਼ ਯੂਨੀਵਰਸਿਟੀ ਦੇ ਸਿਹਤ ਸੁਰੱਖਿਆ ਬਾਰੇ ਸੈਂਟਰ ਵਿਖੇ ਤਾਇਨਾਤ ਸੀਨੀਅਰ ਵਿਦਵਾਨ ਡਾ. ਅਮੇਸ਼ ਅਡਾਲਜਾ ਨੇ ਕਿਹਾ ਹੈ ਕਿ ਜੇਕਰ ਤੁਸੀਂ ਸਮਾਜ ਵਿਚ ਵਿਚਰਨਾ ਹੈ, ਤਾਂ ਤੁਸੀਂ ਓਮੀਕਰੋਨ ਤੋਂ ਨਹੀਂ ਬਚ ਸਕਦੇ ਤੇ ਇਸ ਤੋਂ ਬਚਣ ਲਈ ਮੁਕੰਮਲ ਟੀਕਾਕਰਣ ਹੀ ਇਕੋ ਇਕ ਉਪਾਅ ਹੈ। ਤਾਜ਼ਾ ਅਧਿਐਨ ਵਿਚ ਓਮੀਕਰੋਨ ਤੋਂ ਬਚਾਅ ਲਈ ਬੂਸਟਰ ਖੁਰਾਕ ਦੀ ਲੋੜ ਉਪਰ ਜ਼ੋਰ ਦਿੱਤਾ ਗਿਆ ਹੈ।

Share