ਅਮਰੀਕਾ ਵਿਖੇ 46 ਸਾਲਾ ਜਾਰਜ਼ ਫਲੋਇਡ ਦੀ ਮੌਤ ਬਾਅਦ ਭੜਕੇ ਦੰਗਿਆਂ ਦਾ ਅਸਰ ਨਿਊਜ਼ੀਲੈਂਡ ਪਹੁੰਚਿਆ

856
Share

ਸਬਕ: ਜ਼ਿੰਦਗੀ ਤਾਂ ਜ਼ਿੰਦਗੀ ਹੈ….ਕਿਆ ਕਾਲੇ ਕਿਆ ਗੋਰੇ
ਔਕਲੈਂਡ, 1 ਜੂਨ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- 25 ਮਈ ਨੂੰ ਇਕ 46 ਸਾਲਾ ਕਾਲੇ ਰੰਗ ਦੇ ਵਿਅਕਤੀ ਜਾਰਜ਼ ਫਲੋਇਡ ਨੂੰ ਮਾਈਨਾਪੋਲਿਸ ਦੀ ਪੁਲਿਸ ਨੇ ਇਸ ਕਰਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ ਕੀਤੀ ਸੀ ਕਿ ਉਹ ਨਕਲੀ 20 ਡਾਲਰ ਦੇ ਨਾਲ ਇਕ ਦੁਕਾਨ ਤੋਂ ਸਿਗਰਟ ਖਰੀਦ ਰਿਹਾ ਸੀ। ਪੁਲਿਸ ਨੇ ਭਾਵੇਂ ਉਸਨੂੰ ਕਾਬੂ ਕਰ ਲਿਆ ਸੀ ਪਰ ਇਸ ਵਾਸਤੇ ਬਹੁਤ ਜ਼ੋਰ ਅਜਮਾਈ ਕਰਨੀ ਪਈ ਅਤੇ ਇਕ ਪੁਲਿਸ ਅਫਸਰ ਨੇ ਉਸਦੀ ਧੌਣ ਨੂੰ ਗੋਡੇ ਥੱਲੇ ਓਨੀ ਦੇਰ ਤੱਕ ਕਾਬੂ ਰੱਖਿਆ ਜਦੋਂ ਤੱਕ ਐਂਬੂਲੈਂਸ ਨਹੀਂ ਆ ਗਈ।  ਇਸ ਘਟਨਾ ਦੇ ਵਿਚ ਚਾਰ ਪੁਲਿਸ ਮੁਲਾਜ਼ਮ ਸ਼ਾਮਿਲ ਸਨ ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਤੇ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਾਲੇ ਰੰਗ ਦੇ ਲੋਕਾਂ ਦਾ ਵਿਦਰੋਹ ਵਧਣ ਲੱਗਿਆ ਅਤੇ ਪੂਰੇ ਅਮਰੀਕਾ ਦੇ ਵਿਚ ਦੰਗੇ ਭੜਕ ਗਏ, ਸੈਂਕੜੇ ਦੁਕਾਨਾਂ ਲੁੱਟ ਲਈਆਂ ਗਈਆਂ, ਪੁਲਿਸ ਦੀਆਂ ਗੱਡੀਆਂ ਸਾੜ ਦਿੱਤੀਆਂ ਗਈਆਂ। ਕਾਲੇ ਲੋਕਾਂ ਨੇ ਇਸ ਇਸ ਸਾਰੇ ਘਟਨਾਕ੍ਰਮ ਦੇ ਰੋਸ ਨੂੰ ‘ਬਲੈਕ ਲਾਈਵਜ਼ ਮੈਟਰ’ ਦਾ ਨਾਂਅ ਦਿੱਤਾ ਹੈ ਅਤੇ ਪੂਰੇ ਵਿਸ਼ਵ ਵਿਚ ਏਕਤਾ ਵਿਖਾਈ ਜਾ ਰਹੀ ਹੈ। ਕਾਲੇ ਲੋਕ ਇਸ ਸਾਰੇ ਘਟਨਾ ਕ੍ਰਮ ਨੂੰ ਨਸਲਵਾਦੀ ਫਿਰਕਾਪ੍ਰਸਤੀ ਦੇ ਵਿਚੋਂ ਨਿਕਲਿਆ ਮੰਨਦੇ ਹਨ।
ਅੱਜ ਅਮਰੀਕਾ ਦਾ ਸੇਕ ਨਿਊਜ਼ੀਲੈਂਡ ਵੀ ਪਹੁੰਚਿਆ। ਔਕਲੈਂਡ ਵਿਖੇ ਇਕ ਰੋਸ ਮੁਜਾਹਰੇ ਦੇ ਵਿਚ ਬਹੁਤ ਸਾਰੇ ਲੋਕ ਇਕੱਤਰ ਹੋਏ ਇਕ ਵਿਅਕਤੀ ਨੇ ਪੁਲਿਸ ਉਤੇ ਹਮਲਾ ਕੀਤਾ। ਪੁਲਿਸ ਅਫਸਰ ਨੇ ਪੀਅਪਰ ਸਪਰੇਅ ਅਤੇ ਟੇਜ਼ਰ ਗੰਨ ਦੀ ਵਰਤੋਂ ਕੀਤੀ ਅਤੇ ਉਸਨੂੰ ਕਾਬੂ ਕੀਤਾ। ਇਸ ਨੂੰ ਹੁਣ ਅਦਾਲਤ ਦੇ ਵਿਚ ਪੇਸ਼ ਕਰਕੇ ਮੁਕੱਦਮਾ ਚਲਾਇਆ ਜਾਵੇਗਾ।  ਅਮਰੀਕਾ ਦੂਤਾਵਾਸ ਤੱਕ ਇਹ ਰੋਸ ਮਾਰਚ ਕੀਤਾ ਗਿਆ। ਇਸੀ ਤਰ੍ਹਾਂ ਵਲਿੰਗਟਨ ਵਿਖੇ ਵੀ ਹਜ਼ਾਰਾਂ ਅਮਰੀਕੀ ਲੋਕ ਪਾਰਲੀਮੈਂਟ ਸਾਹਮਣੇ ਇਕੱਠੇ ਹੋਏ ਅਤੇ ਜਾਰਜ ਦੀ ਮੌਤ ਪ੍ਰਤੀ ਰੋਸ ਪ੍ਰਗਟ ਕੀਤਾ। ਕ੍ਰਾਈਸਟਚਰਚ ਵਿਖੇ ਵੀ ਅਜਿਹਾ ਰੋਸ ਮੁਜ਼ਾਹਰਾ ਕੀਤਾ ਗਿਆ। ਸੋ ਇਹੋ ਜਿਹੇ ਰੋਸ ਮੁਜਾਹਰੇ ਅਤੇ ਹੋ ਰਹੇ ਦੰਗੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਅੱਗੇ ਵਾਸਤੇ ਸਬਕ ਸਿਖਾਉਣ ਲਈ ਸ਼ਾਇਦ ਕੀਤੇ ਜਾਂਦੇ ਹਨ ਤਾਂ ਕਿ ਜ਼ਿੰਦਗੀ ਤਾਂ ਆਖਿਰ ਜ਼ਿੰਦਗੀ ਹੈ ਚਾਹੇ ਉਹ ਕਾਲੇ ਦੀ ਹੋਵੇ ਚਾਹੇ ਗੋਰੇ ਦੀ।


Share