
ਵਾਸ਼ਿੰਗਟਨ, 25 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਕਿਹਾ ਹੈ ਕਿ ਉਹ ਲੋਕ ਜਥੇਬੰਦੀਆਂ, ਸੱਤਾ ਦੇ ਆਲੋਚਕਾਂ ਤੇ ਪੱਤਰਕਾਰਾਂ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਜਾਸੂਸੀ ਤਕਨੀਕ ਦੀ ਵਰਤੋਂ ਦੇ ਖ਼ਿਲਾਫ਼ ਹੈ। ਹਾਲਾਂਕਿ ਅਮਰੀਕਾ ਨੇ ਅਮਰੀਕਾ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਭਾਰਤ ’ਚ ਚੱਲ ਰਹੇ ਪੈਗਾਸਸ ਵਿਵਾਦ ਸਬੰਧੀ ਕੋਈ ਖਾਸ ਡੂੰਘੀ ਜਾਣਕਾਰੀ ਨਹੀਂ ਹੈ। ਭਾਰਤ ਸਮੇਤ ਕਈ ਮੁਲਕਾਂ ’ਚ ਨੇਤਾਵਾਂ, ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਤੇ ਹੋਰਨਾਂ ਲੋਕਾਂ ਦੀ ਕਥਿਤ ਜਾਸੂਸੀ ਲਈ ਪੈਗਾਸਸ ਸਾਫਟਵੇਅਰ ਦੀ ਵਰਤੋਂ ਨਾਲ ਨਿੱਜਤਾ ਨਾਲ ਸਬੰਧਤ ਮੁੱਦੇ ਨੂੰ ਲੈ ਕੇ ਚਿੰਤਾ ਵਧੀ ਹੈ। ਇੱਕ ਕੌਮਾਂਤਰੀ ਮੀਡੀਆ ਗਰੁੱਪ ਅਨੁਸਾਰ ਇਜ਼ਰਾਇਲੀ ਕੰਪਨੀ ਐੱਨਐੱਸਓ ਗਰੁੱਪ ਟੈਕਨਾਲੌਜੀ ਵੱਲੋਂ ਵੱਖ ਵੱਖ ਸਰਕਾਰਾਂ ਨੂੰ ਵੇਚੇ ਗਏ ਸਪਾਈਵੇਅਰ ਦਾ ਨਿਸ਼ਾਨਾ ਬਣੇ ਲੋਕਾਂ ’ਚ ਨੇਤਾ, ਮਨੁੱਖੀ ਹੱਕਾਂ ਬਾਰੇ ਕਾਰਕੁਨ ਤੇ ਪੱਤਰਕਾਰ ਸ਼ਾਮਲ ਹਨ। ਦੱਖਣੀ ਤੇ ਮੱਧ ਏਸ਼ੀਆ ਮਾਮਲੇ ਦੇ ਕਾਰਜਕਾਰੀ ਸਹਾਇਕ ਮੰਤਰੀ ਡੀਨ ਥੌਂਪਸਨ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਲੋਕ ਜਥੇਬੰਦੀਆਂ ਜਾਂ ਸੱਤਾਂ ਤੇ ਆਲੋਚਕਾਂ ਜਾਂ ਪੱਤਰਕਾਰਾਂ ਜਾਂ ਕਿਸੇ ਵੀ ਵਿਅਕਤੀ ਖ਼ਿਲਾਫ਼ ਗ਼ੈਰਕਾਨੂੰਨੀ ਢੰਗ ਨਾਲ ਅਜਿਹੀ ਤਕਨੀਕ ਦੀ ਵਰਤੋਂ ਹਮੇਸ਼ਾ ਚਿੰਤਾ ਦਾ ਵਿਸ਼ਾ ਰਹੀ ਹੈ।’ ਭਾਰਤ ’ਚ ਪੈਗਾਸਸ ਜਾਸੂਸੀ ਮਾਮਲੇ ਬਾਰੇ ਪੁੱਛੇ ਜਾਣ ’ਤੇ ਥੌਂਪਸਨ ਨੇ ਕਿਹਾ, ‘ਮੈਨੂੰ ਭਾਰਤ ਦੇ ਮਾਮਲੇ ਬਾਰੇ ਕੋਈ ਖਾਸ ਡੂੰਘੀ ਜਾਣਕਾਰੀ ਨਹੀਂ ਹੈ। ਮੈਂ ਜਾਣਦਾ ਹਾਂ ਕਿ ਇਹ ਵੱਡਾ ਮੁੱਦਾ ਹੈ ਪਰ ਮੈਂ ਕਹਿਣਾ ਚਾਹਾਂਗਾ ਕਿ ਅਸੀਂ ਹਮੇਸ਼ਾ ਕਿਹਾ ਹੈ ਕਿ ਕੰਪਨੀਆਂ ਨੂੰ ਅਜਿਹੇ ਢੰਗ ਲੱਭਣੇ ਚਾਹੀਦੇ ਹਨ ਜਿਸ ਨਾਲ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀ ਤਕਨੀਕ ਦੀ ਵਰਤੋਂ ਇਸ ਤਰ੍ਹਾਂ ਨਾ ਹੋਵੇ। ਅਸੀਂ ਲਗਾਤਾਰ ਇਹ ਮੁੱਦੇ ਚੁੱਕਦੇ ਰਹਾਂਗੇ।’ ਜ਼ਿਕਰਯੋਗ ਹੈ ਕਿ ਕੌਮਾਂਤਰੀ ਮੀਡੀਆ ਜਥੇਬੰਦੀ ਨੇ ਲੰਘੇ ਐਤਵਾਰ ਨੂੰ ਦੱਸਿਆ ਸੀ ਕਿ ਪੈਗਾਸਸ ਸਪਾਈਵੇਅਰ ਰਾਹੀਂ ਹੈਕਿੰਗ ਲਈ ਭਾਰਤ ਦੇ ਕਾਰੋਬਾਰੀਆਂ ਤੇ ਸਮਾਜਿਕ ਕਾਰਕੁਨਾਂ ਤੋਂ ਇਲਾਵਾ 40 ਤੋਂ ਵੱਧ ਪੱਤਰਕਾਰਾਂ, ਤਿੰਨ ਵਿਰੋਧੀ ਧਿਰ ਦੇ ਆਗੂਆਂ ਤੇ ਇੱਕ ਮੌਜੂਦਾ ਜੱਜ ਸਮੇਤ 300 ਤੋਂ ਵੱਧ ਮੋਬਾਈਲ ਫੋਨ ਨੰਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਧਰ ਭਾਰਤ ਨੇ ਪੈਗਾਸਸ ਜਾਸੂਸੀ ਵਿਵਾਦ ਨਾਲ ਜੁੜੇ ਮੁੱਦੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਨੂੰ ਭਾਰਤੀ ਲੋਕਤੰਤਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਸੀ। -ਪੀਟੀਆਈ