ਅਮਰੀਕਾ ਰਾਸ਼ਟਰਪਤੀ ਚੋਣਾਂ: ਜਿੱਤ ਦੇ ਕਾਫ਼ੀ ਕਰੀਬ ਬਾਇਡਨ

525
Share

ਵਾਸ਼ਿੰਗਟਨ, 6 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੁਣਨ ਲਈ ਹੋ ਰਹੀ ਵੋਟਾਂ ਦੀ ਗਿਣਤੀ ਵਿਚ ਡੈਮੋਕ੍ਰੈਟਿਕ ਉਮੀਦਵਾਰ ਜੋਅ ਬਾਇਡਨ ਮੁਕਾਬਲੇ ਵਾਲੇ ਅਹਿਮ ਸੂਬਿਆਂ- ਜੌਰਜੀਆ ਤੇ ਪੈਨਸਿਲਵੇਨੀਆ ਵਿਚ ਡੋਨਲਡ ਟਰੰਪ ਤੋਂ ਅੱਗੇ ਚੱਲ ਰਹੇ ਹਨ। ਬੇਹੱਦ ਘੱਟ ਫ਼ਰਕ ਵਾਲੇ ਇਤਿਹਾਸਕ ਮੁਕਾਬਲੇ ਵਿਚ ਬਾਇਡਨ ਦੇ ਵ੍ਹਾਈਟ ਹਾਊਸ ਵਿਚ ਦਾਖ਼ਲੇ ਦੇ ਆਸਾਰ ਵਧਦੇ ਜਾ ਰਹੇ ਹਨ। ਜੌਰਜੀਆ ਵਿਚ ਬਾਇਡਨ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਹੈ ਹਾਲਾਂਕਿ ਲੀਡ ਥੋੜ੍ਹੀ ਹੈ। ਜੌਰਜੀਆ ਵਿਚ ਬਾਇਡਨ ਕਰੀਬ ਹਜ਼ਾਰ ਵੋਟਾਂ ਨਾਲ ਅੱਗੇ ਹਨ। ਉਧਰ ਆਖਰੀ ਖ਼ਬਰਾਂ ਤੱਕ ਪੈਨਸਿਲਵੇਨੀਆ ਵਿੱਚ ਬਾਇਡਨ 13371 ਵੋਟਾਂ ਨਾਲ ਅੱਗੇ ਹੋ ਗਏ ਹਨ। ਲੱਖਾਂ ਵੋਟਾਂ ਹਾਲੇ ਵੀ ਗਿਣੀਆਂ ਜਾਣੀਆਂ ਹਨ, ਪਰ ਆਖ਼ਰੀ ਨਤੀਜਿਆਂ ਤੋਂ ਪਹਿਲਾਂ ਹੀ ਬਾਇਡਨ ਨੂੰ ਕਰੀਬ 7.3 ਕਰੋੜ ਵੋਟਾਂ ਪੈ ਚੁੱਕੀਆਂ ਹਨ। ਪੈਨਸਿਲਵੇਨੀਆ ਵਿਚ ਅਜੇ ਕਰੀਬ 1,30,000 ਵੋਟਾਂ ਗਿਣਨ ਵਾਲੀਆਂ ਰਹਿੰਦੀਆਂ ਹਨ। ਪੈਨਸਿਲਵੇਨੀਆ ਵਿਚ ਜੇਕਰ ਬਾਇਡਨ ਜਿੱਤ ਜਾਂਦੇ ਹਨ ਤਾਂ ਟਰੰਪ ਲਈ ਕੋਈ ਮੌਕਾ ਨਹੀਂ ਰਹੇਗਾ। ਬਾਇਡਨ ਨੇ ਦੋ ਹੋਰ ਸੂਬਿਆਂ- ਐਰੀਜ਼ੋਨਾ ਤੇ ਨੇਵਾਡਾ ਵਿਚ ਵੀ ਬੜ੍ਹਤ ਬਣਾਈ ਹੋਈ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਅਮਰੀਕਾ ਤੇ ਭਾਰਤ ਵਿਚਾਲੇ ਆਲਮੀ ਪੱਧਰ ਦੀ ਰਣਨੀਤਕ ਭਾਈਵਾਲੀ ਨੂੰ ਡੈਮੋਕ੍ਰੈਟਿਕ ਤੇ ਰਿਪਬਲਿਕਨ, ਦੋਵਾਂ ਧਿਰਾਂ ਦੀ ਮਜ਼ਬੂਤ ਹਮਾਇਤ ਹਾਸਲ ਹੈ। ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਉਤੇ ਚੋਣ ਨਤੀਜਿਆਂ ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ‘ਅਸੀਂ ਵੀ ਨਤੀਜੇ ਉਡੀਕ ਰਹੇ ਹਾਂ।’


Share