ਅਮਰੀਕਾ ਯੁਕਰੇਨ ’ਤੇ ਰੂਸ ਦੇ ਸੰਭਾਵੀ ਹਮਲੇ ਦਾ ਹਰ ਤਰ੍ਹਾਂ ਜਵਾਬ ਦੇਣ ਲਈ ਤਿਆਰ : ਬਾਇਡਨ

257
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਾਈਟ ਹਾਊਸ ’ਚ ਅਮਰੀਕੀਆਂ ਨੂੰ ਸੰਬੋਧਨ ਕਰਨ ਲਈ ਆਉਂਦੇ ਹੋਏ।
Share

ਕਿਹਾ; ਅਜੇ ਵੀ ਮਸਲੇ ਦੇ ਕੂਟਨੀਤਿਕ ਹੱਲ ਦੀ ਸੰਭਾਵਨਾ ਮੌਜੂਦ
ਸੈਕਰਾਮੈਂਟੋ, 16 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੁਕਰੇਨ ਵਿਚਲੀ ਸਥਿਤੀ ਬਾਰੇ ਅਮਰੀਕੀਆਂ ਨੂੰ ਪਹਿਲੀ ਵਾਰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਹਾਲਾਤ ਨਾਲ ਨਜਿੱਠਣ ਲਈ ਹਰ ਤਰ੍ਹਾਂ ਤਿਆਰ ਹੈ। ਯੁਕਰੇਨ ਵਿਚਲੇ ਘਟਨਾਕ੍ਰਮ ਬਾਰੇ ਦਿਨ ਭਰ ਜਾਰੀ ਰਹੀ ਗੱਲਬਾਤ ਦਰਮਿਆਨ ਰਾਸ਼ਟਰਪਤੀ ਨੇ ਵਾਈਟ ਹਾਊਸ ਤੋਂ ਆਪਣੇ ਸੰਬੋਧਨ ਵਿਚ ਕਿਹਾ, ‘‘ਅਸੀਂ ਕੂਟਨੀਤਿਕ ਢੰਗ ਤਰੀਕੇ ਰਾਹੀਂ ਮਸਲੇ ਦਾ ਹੱਲ ਕੱਢਣ ਲਈ ਤਿਆਰ ਹਾਂ। ਇਸ ਦੇ ਨਾਲ ਹੀ ਅਸੀਂ ਯੁਕਰੇਨ ਉਪਰ ਰੂਸ ਦੇ ਸੰਭਾਵੀ ਹਮਲੇ ਦਾ ਨਿਰਣਾਇਕ ਜਵਾਬ ਦੇਣ ਲਈ ਵੀ ਤਿਆਰ ਹਾਂ।’’ ਬਾਇਡਨ ਨੇ ਕਿਹਾ ਕਿ ਮਸਲੇ ਦਾ ਕੂਟਨੀਤਿਕ ਹੱਲ ਲਭਿਆ ਜਾ ਸਕਦਾ ਹੈ ਤੇ ਇਹ ਢੰਗ ਤਰੀਕਾ ਹੀ ਸਾਡੀਆਂ ਸੁਰੱਖਿਆ ਚਿੰਤਾਵਾਂ ਨੂੰ ਹੱਲ ਕਰਨ ਦਾ ਅਸਲ ਰਾਹ ਹੈ। ਬਾਇਡਨ ਨੇ ਕਿਹਾ, ਅਸੀਂ ਹੱਥਿਆਰਾਂ ਉਪਰ ਨਿਯੰਤਰਣ ਕਰਨ ਤੇ ਰਣਨੀਤਿਕ ਸਥਿਰਤਾ ਲਈ ਨਵੇਂ ਪਾਰਦਰਸ਼ੀ ਕਦਮ ਚੁੱਕੇ ਰਹੇ ਹਾਂ। ਇਹ ਨਵੇਂ ਮਾਪਦੰਡ ਰੂਸ ਤੇ ਨਾਟੋ ਦੋਨਾਂ ਉਪਰ ਲਾਗੂ ਹੋਣਗੇ। ਬਾਇਡਨ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਕਿਸੇ ਦੇਸ਼ ਦੀ ਪ੍ਰਭੂਸੱਤਾ ਬਰਕਰਾਰ ਰੱਖਣ ਤੇ ਉਸ ਵੱਲੋਂ ਕਿਸੇ ਵੀ ਨਾਲ ਜੁੜਨ ਦੇ ਅਧਿਕਾਰ ਸਮੇਤ ਬੁਨਿਆਦੀ ਸਿਧਾਂਤਾਂ ਦੀ ਕੁਰਬਾਨੀ ਕਰਨ ਲਈ ਤਿਆਰ ਨਹੀਂ ਹੈ ਪਰੰਤੂ ਅਜੇ ਵੀ ਕੂਟਨੀਤਿਕ ਗੱਲਬਾਤ ਤੇ ਹਾਲਾਤ ਨੂੰ ਸੁਖਾਵਾਂ ਮੋੜ ਦੇਣ ਦੀ ਸੰਭਾਵਨਾ ਮੌਜੂਦ ਹੈ। ਬਾਇਡਨ ਵੱਲੋਂ ਸੰਬੋਧਨ ਕਰਨ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਜਿਹੇ ਸੰਕੇਤ ਦਿੱਤੇ ਸਨ, ਜਿਸ ਤੋਂ ਰੂਸ ਦੁਆਰਾ ਯੁਕਰੇਨ ਉਪਰ ਹਮਲੇ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਮਾਸਕੋ ਨੇ ਕਿਹਾ ਹੈ ਕਿ ਉਹ ਯੁਕਰੇਨ ਤੇ ਹੋਰ ਸਾਬਕਾ ਸੋਵੀਅਤ ਯੁਨੀਅਨ ਤੋਂ ਵੱਖ ਹੋਏ ਦੇਸ਼ਾਂ ਨੂੰ ਨਾਟੋ ਦੇ ਫੌਜੀ ਗਠਜੋੜ ’ਚ ਸ਼ਾਮਲ ਨਹੀਂ ਹੋਣ ਦੇਵੇਗਾ। ਮਾਸਕੋ ਇਹ ਵੀ ਚਾਹੁੰਦਾ ਹੈ ਕਿ ਨਾਟੋ ਯੁਕਰੇਨ ’ਚ ਹਥਿਆਰਾਂ ਨੂੰ ਵਿਕਸਿਤ ਕਰਨਾ ਬੰਦ ਕਰੇ ਤੇ ਪੂਰਬੀ ਯੂਰਪ ’ਚੋਂ ਆਪਣੀਆਂ ਫੋਰਸਾਂ ਵਾਪਸ ਬੁਲਾਵੇ।

Share