ਫਰਿਜ਼ਨੋ, 3 ਨਵੰਬਰ (ਪੰਜਾਬ ਮੇਲ)- ਅਮਰੀਕਾ-ਮੈਕਸੀਕੋ ਸਰਹੱਦ ਨੂੰ ਤੈਰ ਕੇ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਇੱਕ ਔਰਤ ਦੀ ਮੌਤ ਹੋਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਅਨੁਸਾਰ ਇਸ ਮਹਿਲਾ ਦੀ ਮੌਤ ਪੈਸੇਫਿਕ ਮਹਾਂਸਾਗਰ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਹੋਈ। ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਐੱਸ. ਬਾਰਡਰ ਪੈਟਰੋਲ ਏਜੰਟਾਂ ਨੂੰ ਸ਼ੁੱਕਰਵਾਰ ਰਾਤ 11:30 ਵਜੇ ਤੋਂ ਬਾਅਦ ਟਿਜੁਆਨਾ ਤੋਂ ਅਮਰੀਕਾ ਦੇ ਬਾਰਡਰ ਫੀਲਡ ਸਟੇਟ ਪਾਰਕ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲਗਭਗ 70 ਲੋਕਾਂ ਦੀ ਸੂਚਨਾ ਪ੍ਰਾਪਤ ਹੋਈ, ਜਿਸ ਉਪਰੰਤ ਕਾਰਵਾਈ ਕਰਨ ’ਤੇ ਏਜੰਟਾਂ ਨੂੰ ਮਿ੍ਰਤਕ ਔਰਤ ਮਿਲੀ, ਜਿਸ ਨੂੰ ਇਸੇ ਸਮੂਹ ਵਿਚੋਂ ਮੰਨਿਆ ਗਿਆ।
ਇਸ ਔਰਤ ਨੂੰ ਰਾਤ ਕਰੀਬ 12:30 ਵਜੇ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ, ਜਦਕਿ ਔਰਤ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਸੀ। ਇਸ ਦੌਰਾਨ ਬਾਰਡਰ ਪੈਟਰੋਲ ਅਨੁਸਾਰ ਏਜੰਟਾਂ ਨੇ 36 ਮੈਕਸੀਕਨ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ, ਜਿਨ੍ਹਾਂ ਵਿਚੋਂ 13 ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਯੂ.ਐੱਸ. ਕੋਸਟ ਗਾਰਡ ਦੁਆਰਾ ਪਾਣੀ ਵਿਚੋਂ ਕੱਢਿਆ ਗਿਆ ਸੀ।