ਅਮਰੀਕਾ- ਮੈਕਸੀਕੋ ਸਰਹੱਦ ‘ਤੇ ਇਕ ਦਿਨ ‘ਚ 800 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਗਿਆ ਰੋਕਿਆ

297
Share

ਫਰਿਜ਼ਨੋ, 6 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਮੈਕਸੀਕੋ ਦੀ ਸਰਹੱਦ ਰਾਸਤੇ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਇਕੱਲੇ ਬੱਚਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਬੰਧੀ ਅਮਰੀਕੀ
ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਨੇ ਜਾਣਕਾਰੀ ਦਿੱਤੀ ਕਿ ਬੁੱਧਵਾਰ ਨੂੰ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਤਕਰੀਬਨ 834 ਇਕੱਲੇ ਨਾਬਾਲਗਾਂ ਨੂੰ ਰੋਕਿਆ ਹੈ। ਇਸ ਸਬੰਧੀ ਅੰਕੜਿਆਂ ਅਨੁਸਾਰ ਪਿਛਲੇ ਮਹੀਨੇ ਇਮੀਗ੍ਰੇਸ਼ਨ  ਅਧਿਕਾਰੀਆਂ ਦੁਆਰਾ 19000 ਤੋਂ ਵੱਧ ਅਮਰੀਕਾ ਵਿੱਚ ਦਾਖਲ ਹੋ ਰਹੇ ਇਕੱਲੇ ਬੱਚਿਆਂ ਨੂੰ ਰੋਕਿਆ ਗਿਆ ਹੈ। ਸੀ ਬੀ ਪੀ ਦੁਆਰਾ ਅਪ੍ਰੈਲ ਵਿੱਚ 17,144 (ਪ੍ਰਤੀ ਦਿਨ 571 ) ਮਈ ਵਿੱਚ 14,137 (ਪ੍ਰਤੀ ਦਿਨ 456 ) ਅਤੇ ਜੂਨ ਵਿੱਚ 15,253 (ਪ੍ਰਤੀ ਦਿਨ 508 ) ਇਕੱਲੇ ਪ੍ਰਵਾਸੀ ਬੱਚਿਆਂ ਨੂੰ ਰੋਕਿਆ ਗਿਆ ਹੈ। ਵੀਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਸੀ ਬੀ ਪੀ ਦੁਆਰਾ ਰੱਖੇ ਗਏ ਬੱਚਿਆਂ ਦੀ ਗਿਣਤੀ ਮਈ ਦੇ ਅਖੀਰ ਤੋਂ ਚਾਰ ਗੁਣਾ ਵੱਧ ਗਈ ਹੈ।
ਅੰਕੜਿਆਂ ਅਨੁਸਾਰ 27 ਮਈ ਨੂੰ 635 ਬੱਚੇ ਸੀ ਬੀ ਪੀ ਦੀ ਹਿਰਾਸਤ ਵਿੱਚ ਸਨ।  ਬੁੱਧਵਾਰ ਤੱਕ, ਇਹ ਗਿਣਤੀ ਵਧ ਕੇ 2,784 ਹੋ ਗਈ ਸੀ। ਮੌਜੂਦਾ ਡੀ ਐਚ ਐਸ ਨੀਤੀ ਦੇ ਤਹਿਤ, 18 ਸਾਲ ਤੋਂ ਘੱਟ ਉਮਰ ਦੇ ਗੈਰਕਨੂੰਨੀ ਪ੍ਰਵਾਸੀ ਬੱਚੇ, ਜਿਨ੍ਹਾਂ ਦੇ ਨਾਲ ਸੀ ਬੀ ਪੀ ਦੁਆਰਾ ਫੜੇ ਜਾਣ ਸਮੇਂ ਮਾਪੇ ਜਾਂ ਸਰਪ੍ਰਸਤ ਨਹੀਂ ਹੁੰਦੇ, ਨੂੰ 72 ਘੰਟਿਆਂ ਦੇ ਅੰਦਰ ਐਚ ਐਚ ਐਸ ਵਿੱਚ ਤਬਦੀਲ ਕਰਨ ਦੀ ਲੋੜ ਹੁੰਦੀ ਹੈ। ਫਿਰ  ਇਹਨਾਂ ਬੱਚਿਆਂ ਦੀ ਕੋਵਿਡ -19 ਲਈ ਜਾਂਚ ਕੀਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਉਦੋਂ ਤੱਕ ਅਲੱਗ ਰੱਖਿਆ ਜਾਂਦਾ ਹੈ ਜਦੋਂ ਤੱਕ ਇਹਨਾਂ ਨੂੰ ਅਮਰੀਕਾ ਵਿੱਚ ਕਿਸੇ ਸਪੋਂਸਰ ਨਾਲ ਨਹੀਂ ਰੱਖਿਆ ਜਾਂਦਾ।

Share