ਅਮਰੀਕਾ-ਭਾਰਤ ਵਿਚਕਾਰ 3 ਅਰਬ ਡਾਲਰ ਦਾ ਸੁਰੱਖਿਆ ਕਰਾਰ

730
Share

‘ਨਮਸਤੇ ਟਰੰਪ’ ਸਮਾਗਮ ‘ਚ ਅਮਰੀਕੀ ਰਾਸ਼ਟਰਪਤੀ ਦਾ ਹੋਇਆ ਜ਼ੋਰਦਾਰ ਸਵਾਗਤ
ਮੋਦੀ ਨੇ ਟਰੰਪ ਦੀ ਇਤਿਹਾਸਕ ਫੇਰੀ ਨੂੰ ਦੱਸਿਆ ਭਾਰਤ-ਅਮਰੀਕਾ ਸੰਬੰਧਾਂ ‘ਚ ‘ਨਵਾਂ ਅਧਿਆਇ’

ਅਹਿਮਦਾਬਾਦ, 26 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਫੇਰੀ ਦੌਰਾਨ ਭਾਰਤ ਨਾਲ 3 ਅਰਬ ਅਮਰੀਕੀ ਡਾਲਰ ਦਾ ਸੁਰੱਖਿਆ ਕਰਾਰ ਸਹੀਬੰਦ ਕੀਤੇ ਹਨ। ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਸਹਿਯੋਗ ਨੂੰ ਉਨ੍ਹਾਂ ਦੀ ਰਣਨੀਤਕ ਭਾਈਵਾਲੀ ਦੀ ਝਲਕ ਕਰਾਰ ਦਿੰਦਿਆਂ ਦੋਵਾਂ ਦੇਸ਼ਾਂ ਨੇ ਮੰਗਲਵਾਰ ਨੂੰ ਇਹ ਰੱਖਿਆ ਸਮਝੌਤਾ ਕੀਤਾ। ਇਸ ਤੋਂ ਇਲਾਵਾ ਤਿੰਨ ਹੋਰ ਸਮਝੌਤੇ ਕੀਤੇ ਗਏ। ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਹੈਦਰਾਬਾਦ ਹਾਊਸ ਵਿਖੇ ਹੋਏ। ਹਾਲਾਂਕਿ ਵਪਾਰ ਸਮਝੌਤੇ, ਜਿਸ ਨੂੰ ਟਰੰਪ ਨੇ ਦੌਰੇ ਤੋਂ ਪਹਿਲਾਂ ਹੀ ‘ਦੂਰ ਦੀ ਕੌਡੀ’ ਕਰਾਰ ਦਿੱਤਾ ਸੀ, ਨੂੰ ਲੈ ਕੇ ਛੇਤੀ ਹੀ ਗੱਲਬਾਤ ਦਾ ਦੌਰ ਸ਼ੁਰੂ ਕਰਨ ਦੀ ਆਸ ਪ੍ਰਗਟਾਈ ਗਈ। ਅਮਰੀਕੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਵਿਚਾਰੇ ਜਾਣ ਵਾਲੇ 2 ਹੋਰ ਬਕਾਇਆ ਮੁੱਦੇ ਐੱਚ-1 ਬੀ ਵੀਜ਼ਾ ਅਤੇ ਵਪਾਰ ਸਬੰਧਾਂ ਨੂੰ ਲੈ ਕੇ ਭਾਰਤ ਨੂੰ ਕੋਈ ਖ਼ਾਸ ਸਫ਼ਲਤਾ ਹਾਸਲ ਨਹੀਂ ਹੋਈ। ਟਰੰਪ ਨੇ ਅਮਰੀਕੀ ਦੂਤਘਰ ਵਿਖੇ ਕਾਨਫਰੰਸ ‘ਚ ਵਪਾਰ ਸਬੰਧਾਂ ਬਾਰੇ ‘ਅਮਰੀਕਾ ਫਾਸਟ’ ਦੀ ਨੀਤੀ ਨੂੰ ਅੱਗੇ ਰੱਖਦਿਆਂ ਕਿਹਾ ਕਿ ਭਾਰਤ ਸਭ ਤੋਂ ਉੱਚੀ ਦਰ ‘ਤੇ ਟੈਕਸ ਵਸੂਲਣ ਵਾਲੇ ਦੇਸ਼ਾਂ ‘ਚ ਸ਼ਾਮਲ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਨਾਲ ਵੀ ਬਰਾਬਰੀ ਦਾ ਵਰਤਾਓ ਕੀਤਾ ਜਾਣਾ ਚਾਹੀਦਾ ਹੈ। ਐੱਚ-1ਬੀ ਵੀਜ਼ਾ ਬਾਰੇ ਵੀ ਛੋਟ ਦਿੱਤੇ ਜਾਣ ਦੇ ਸਵਾਲ ਦਾ ਸਪੱਸ਼ਟ ਜਵਾਬ ਨਾ ਦਿੰਦਿਆਂ ਟਰੰਪ ਨੇ ਕਿਹਾ ਕਿ ਇਹ ਮਾਮਲਾ ਮਿਲ-ਜੁਲ ਕੇ ਸੁਲਝਾਇਆ ਜਾਣਾ ਚਾਹੀਦਾ ਹੈ।
ਹੈਦਰਾਬਾਦ ਹਾਊਸ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਰਮਿਆਨ ਹੋਈ ਬੈਠਕ ‘ਚ ਉਸ ਸੌਦੇ ‘ਤੇ ਦਸਤਖ਼ਤ ਕੀਤੇ ਗਏ, ਜਿਸ ਦਾ ਐਲਾਨ ਟਰੰਪ ਨੇ ਸੋਮਵਾਰ ਨੂੰ ਹੀ ਕਰ ਦਿੱਤਾ ਸੀ। ਇਸ ਸੌਦੇ ‘ਚ ਭਾਰਤ ਅਮਰੀਕਾ ਤੋਂ 24 ਐਮ ਐਚ-60 ਰੋਮੀਓ ਹੈਲੀਕਾਪਟਰ ਖਰੀਦੇਗਾ, ਜਿਸ ਦੀ ਕੀਮਤ 2.6 ਅਰਬ ਡਾਲਰ ਹੈ। ਸਮਝੌਤੇ ਤਹਿਤ ਅਮਰੀਕਾ ਭਾਰਤ ਨੂੰ 80 ਕਰੋੜ ਡਾਲਰ ਦੇ 6 ਏ ਐਚ-64 ਈ ਅਪਾਚੇ ਹੈਲੀਕੈਪਟਰ ਦੀ ਵੀ ਸਪਲਾਈ ਕਰੇਗਾ। ਦੋਵਾਂ ਆਗੂਆਂ ਨੇ ਇਸ ਰੱਖਿਆ ਸੌਦੇ ਦੇ ਐਲਾਨ ਦੇ ਨਾਲ ਅੱਤਵਾਦ ਨੂੰ ਖਤਮ ਕਰਨ ਲਈ ਕੰਮ ਕਰਨ ਅਤੇ ਪਾਕਿਸਤਾਨ ‘ਤੇ ਦਬਾਅ ਬਣਾਉਣ ਦਾ ਵੀ ਅਹਿਦ ਕੀਤਾ।
ਡੋਨਾਲਡ ਟਰੰਪ ਨੇ ਭਾਰਤ ‘ਚ ਬਿਤਾਏ 2 ਦਿਨਾਂ ਨੂੰ ਸ਼ਾਨਦਾਰ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦੀ ਮਹਿਮਾਨਵਾਜ਼ੀ ਹਮੇਸ਼ਾ ਯਾਦ ਰਹੇਗੀ। ਟਰੰਪ ਨੇ ਮੋਂਟੇਰਾ ਸਟੇਡੀਅਮ ‘ਚ ਇਕੱਠੀ ਭੀੜ ਨੂੰ ਸਨਮਾਨ ਦਾ ਕਾਰਨ ਦੱਸਦਿਆਂ ਕਿਹਾ ਕਿ ਉਥੇ ਮੌਜੂਦ ਲੋਕ ਮੋਦੀ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਦੌਰੇ ਦੌਰਾਨ ਮੋਦੀ ਦੇ ਕੰਮ ਕਰਨ ਦੇ ਢੰਗ ਤਰੀਕੇ ਦੀ ਕਈ ਵਾਰ ਸ਼ਲਾਘਾ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦਾ ਰਾਸ਼ਟਰਪਤੀ ਭਵਨ ਵਿਖੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਵਜੋਂ ਪਹਿਲੀ ਵਾਰ ਭਾਰਤ ਦੇ ਦੌਰੇ ‘ਤੇ ਆਏ ਟਰੰਪ ਨੂੰ ਤਿੰਨਾਂ ਸੈਨਾਵਾਂ ਵਲੋਂ ਗਾਰਡ ਆਫ ਆਨਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਆਪਣੀ ਭਾਰਤ ਫੇਰੀ ਦੇ ਪਹਿਲੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮਦਾਬਾਦ ਦੇ ਸਟੇਡੀਅਮ ‘ਚ ਸਵਾ ਲੱਖ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਟਰੰਪ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਤਾਰੀਫ਼ ਕੀਤੀ ਤੇ ਉਨ੍ਹਾਂ ਨੂੰ ਦੇਸ਼ ਲਈ ਦਿਨ ਰਾਤ ਕੰਮ ਕਰਨ ਵਾਲਾ ‘ਅਸਧਾਰਨ ਆਗੂ’ ਦੱਸਿਆ। ਟਰੰਪ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਭਾਰਤ ਦਾ ਅਡੋਲ ਤੇ ਵਫ਼ਾਦਾਰ ਦੋਸਤ ਰਹੇਗਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਪਰਿਵਾਰ ਨੂੰ ਜੀ ਆਇਆਂ ਆਖਦਿਆਂ ਅਮਰੀਕੀ ਰਾਸ਼ਟਰਪਤੀ ਦੀ ਫੇਰੀ ਨੂੰ ਇਤਿਹਾਸਕ ਭਾਰਤ-ਅਮਰੀਕਾ ਸਬੰਧਾਂ ਵਿਚ ‘ਨਵਾਂ ਅਧਿਆਇ’ ਦੱਸਿਆ। ਸ਼੍ਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਰਿਸ਼ਤੇ ਤੇ ਸਹਿਯੋਗ 21ਵੀਂ ਸਦੀ ਵਿਚ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗਾ।
ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ ਹਵਾਈ ਅੱਡੇ ‘ਤੇ ਜਾ ਕੇ ਖੁਦ ਜੀ ਆਇਆਂ ਆਖਿਆ। ਸ਼੍ਰੀ ਮੋਦੀ ਅਮਰੀਕੀ ਸਦਰ ਦੀ ਧੀ ਇਵਾਂਕਾ ਟਰੰਪ ਤੇ ਜਵਾਈ ਜੇਅਰਡ ਕੁਸ਼ਨਰ ਨੂੰ ਵੀ ਮਿਲੇ। ਟਰੰਪ ਜੋੜੇ ਦੇ ਸਵਾਗਤ ਲਈ ਇਸ ਮੌਕੇ ਗੁਜਰਾਤ ਦੇ ਰਾਜਪਾਲ, ਮੁੱਖ ਮੰਤਰੀ ਵਿਜੈ ਰੂਪਾਨੀ, ਅਮਰੀਕਾ ਤੇ ਭਾਰਤ ਦੇ ਰਾਜਦੂਤਾਂ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ। ਹਵਾਈ ਅੱਡੇ ‘ਤੇ ਵੱਖ ਵੱਖ ਰਵਾਇਤੀ ਪੁਸ਼ਾਕਾਂ ‘ਚ ਸਜੇ ਕਲਾਕਾਰਾਂ ਨੇ ਸੱਭਿਆਚਾਰਕ ਝਾਕੀਆਂ ਰਾਹੀਂ ਅਮਰੀਕੀ ਸਦਰ ਤੇ ਉਨ੍ਹਾਂ ਦੀ ਪਤਨੀ ਦਾ ਸਵਾਗਤ ਕੀਤਾ।
ਸਟੇਡੀਅਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਪਰਿਵਾਰ ਦਾ ਸਵਾਗਤ ਕੀਤਾ। ਉਨ੍ਹਾਂ ਤਿੰਨ ਵਾਰ ‘ਨਮਸਤੇ ਟਰੰਪ’ ਕਹਿ ਕੇ ਟਰੰਪ ਜੋੜੇ ਨੂੰ ‘ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ‘ਚ ਜੀ ਆਇਆਂ ਨੂੰ’ ਆਖਿਆ। ਸ਼੍ਰੀ ਮੋਦੀ ਨੇ ਕਿਹਾ ਕਿ ਟਰੰਪ ਦੀ ਭਾਰਤ ਫੇਰੀ ਦੋਵਾਂ ਮੁਲਕਾਂ ਦੇ ਰਿਸ਼ਤਿਆਂ ‘ਚ ਨਵਾਂ ਅਧਿਆਏ ਹੈ। ਉਨ੍ਹਾਂ ਕਿਹਾ ਕਿ 130 ਕਰੋੜ ਭਾਰਤੀ ਮਿਲ ਕੇ ‘ਨਵੇਂ ਭਾਰਤ’ ਦਾ ਨਿਰਮਾਣ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਪੁਲਾੜ ਵਿਚ ਸਭ ਤੋਂ ਵੱਧ ਉਪ ਗ੍ਰਹਿ ਭੇਜਣ ਦਾ ਰਿਕਾਰਡ ਹੀ ਨਹੀਂ ਬਣਾ ਰਿਹਾ, ਬਲਕਿ ਤੇਜ਼ੀ ਨਾਲ ਵੱਡੀ ਵਿੱਤੀ ਤਾਕਤ ਵਜੋਂ ਉਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅੱਜ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਸਿਖਰਲੀ ਜੰਗੀ ਮਸ਼ਕ ਵਿਚ ਸ਼ਾਮਲ ਹਨ।
ਅਮਰੀਕੀ ਸਦਰ ਨੇ ‘ਨਮਸਤੇ ਟਰੰਪ’ ਈਵੈਂਟ ਨੂੰ ਸੰਬੋਧਨ ਕਰਦਿਆਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿਨ-ਰਾਤ ਕੰਮ ਕਰਨ ਵਾਲਾ ‘ਨਿਵੇਕਲਾ ਆਗੂ’ ਦੱਸਿਆ। ਟਰੰਪ ਨੇ ਕਿਹਾ ਕਿ ਮੋਦੀ ਸਰਕਾਰ ਨੂੰ 2019 ਲੋਕ ਸਭਾ ਚੋਣਾਂ ‘ਚ ਮਿਲੀ ਬੇਮਿਸਾਲ ਜਿੱਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਦੀ ਇਸ ਗੱਲ ਦੀ ‘ਜਿਊਂਦੀ ਜਾਗਦੀ ਮਿਸਾਲ’ ਹਨ ਕਿ ਇਕ ਆਮ ਭਾਰਤੀ (ਚਾਹ ਵਾਲਾ ਵੀ) ਸਖ਼ਤ ਮਿਹਨਤ ਨਾਲ ਕਿਸੇ ਵੀ ਟੀਚੇ ਨੂੰ ਪ੍ਰਾਪਤ ਕਰ ਸਕਦਾ ਹੈ। ਟਰੰਪ ਨੇ ਕਿਹਾ, ‘ਨਮਸਤੇ, ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।’ ਅਮਰੀਕੀ ਸਦਰ ਨੇ ਇਸ ਮੌਕੇ ਭਾਰਤੀ ਸੱਭਿਆਚਾਰ ਵਿਚਲੀ ਵੰਨ-ਸੁਵੰਨਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਅਮਰੀਕੀ ਅਰਥਚਾਰੇ ਵਿਚ ਆਏ ਉਭਾਰ ‘ਤੇ ਵੀ ਚਾਨਣਾ ਪਾਇਆ। ਟਰੰਪ ਨੇ ਕਿਹਾ ਕਿ ਭਾਰਤ ਅਗਲੇ ਦਸ ਸਾਲਾਂ ਵਿਚ ਸਿਰੇ ਦੀ ਗਰੀਬੀ ਦਾ ਖਾਤਮਾ ਕਰਕੇ ਜਲਦੀ ਹੀ ਮੱਧ ਵਰਗ ਲਈ ਸਭ ਤੋਂ ਵੱਡਾ ਘਰ ਬਣੇਗਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਲੋਕਾਂ ਨੂੰ ਕੱਟੜਵਾਦੀ ਇਸਲਾਮਿਕ ਦਹਿਸ਼ਤਵਾਦ ਤੋਂ ਬਚਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਅਮਰੀਕੀ ਸਰਕਾਰ ਪਾਕਿਸਤਾਨ ਦੀ ਸਰਜ਼ਮੀਨ ‘ਤੇ ਮੌਜੂਦ ਦਹਿਸ਼ਤੀ ਜਥੇਬੰਦੀਆਂ ‘ਤੇ ਨਕੇਲ ਕੱਸਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਦੋਸਤੀ ਕੁਦਰਤੀ ਤੇ ਸਥਿਰ ਹੈ। ਟਰੰਪ ਨੇ ਕਿਹਾ ਕਿ ਦੋਵੇਂ ਮੁਲਕ ‘ਵਿਲੱਖਣ ਵਪਾਰ’ ਸਮਝੌਤੇ ‘ਤੇ ਕੰਮ ਕਰ ਰਹੇ ਹਨ, ਪਰ ਪ੍ਰਧਾਨ ਮੰਤਰੀ ‘ਸਖ਼ਤ ਸਾਲਸ’ ਹਨ, ਜਿਨ੍ਹਾਂ ਨੂੰ ਆਪਣੀ ਗੱਲ ਪੁਗਾਉਣੀ ਆਉਂਦੀ ਹੈ।

ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਇਕ ਦੂਜੇ ਦਾ ਹੱਥ ਫੜ ਕੇ ਤਾਜ ਕੰਪਲੈਕਸ ਦੀ ਗੇੜੀ ਲਾਈ ਤੇ ਉਥੇ ਪਈ ਵਿਜ਼ਿਟਰ ਬੁੱਕ ਵਿਚ ਆਪਣੀ ਭਾਵਨਾਵਾਂ ਦਰਜ ਕੀਤੀਆਂ। ਟਰੰਪ ਜੋੜੇ ਨੇ ਤਾਜ ਮਹੱਲ ਅੱਗੇ ਖੜ੍ਹ ਕੇ ਤਸਵੀਰਾਂ ਵੀ ਖਿਚਵਾਈਆਂ। ਉਹ ਇਥੇ ਇਕ ਘੰਟੇ ਦੇ ਕਰੀਬ ਰੁਕੇ।
ਟਰੰਪ ਪਰਿਵਾਰ ਹੋਟਲ ਤੋਂ ਤਾਜ ਮਹੱਲ ਤੱਕ ਈਕੋ-ਫਰੈਂਡਲੀ ਗੋਲਫ ਕਾਰਟਜ਼ ਵਿਚ ਗਿਆ, ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਪੈਟਰੋਲ ਤੇ ਡੀਜ਼ਲ ਵਾਹਨਾਂ ਨੂੰ ਤਾਜ ਮਹੱਲ ਦੇ 500 ਮੀਟਰ ਦੇ ਘੇਰੇ ਵਿਚ ਜਾਣ ਦੀ ਮਨਾਹੀ ਹੈ। ਇਸ ਤੋਂ ਪਹਿਲਾਂ ਸਾਲ 2000 ਵਿਚ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਆਪਣੀ ਧੀ ਚੈਲਸੀਆ ਕਲਿੰਟਨ ਨਾਲ ਤਾਜ ਮਹੱਲ ਦੇ ਦੀਦਾਰ ਕਰਨ ਲਈ ਆਏ ਸਨ। ਇਸ ਤੋਂ ਪਹਿਲਾਂ ਟਰੰਪ ਨੇ ਲੜੀਵਾਰ ਟਵੀਟ ਕਰਕੇ ਭਾਰਤ ਦੀ ਆਪਣੀ ਪਲੇਠੀ ਫੇਰੀ ਬਾਰੇ ਭਾਵਨਾਵਾਂ ਦਾ ਇਜ਼ਹਾਰ ਕੀਤਾ। ਟਰੰਪ ਨੇ ਹਿੰਦੀ ਵਿੱਚ ਕੀਤੇ ਇਕ ਟਵੀਟ ‘ਚ ਕਿਹਾ, ‘ਪ੍ਰਥਮ ਮਹਿਲਾ ਤੇ ਮੈਂ ਪੂਰੇ ਵਿਸ਼ਵ ਦਾ 8000 ਮੀਲ ਦਾ ਚੱਕਰ ਲਾ ਕੇ ਭਾਰਤ ਦੇ ਹਰੇਕ ਨਾਗਰਿਕ ਨੂੰ ਇਹ ਸੁਨੇਹਾ ਦੇਣ ਲਈ ਆ ਰਹੇ ਹਾਂ ਕਿ-ਅਮਰੀਕਾ, ਭਾਰਤ ਨੂੰ ਪਿਆਰ ਕਰਦਾ ਹੈ ਤੇ ਅਮਰੀਕਾ ਦੇ ਲੋਕ ਹਮੇਸ਼ਾ ਭਾਰਤੀ ਲੋਕਾਂ ਦੇ ਸੱਚੇ ਤੇ ਪ੍ਰਤੀਬੱਧ ਦੋਸਤ ਰਹਿਣਗੇ।’
ਅਮਰੀਕਾ ਰਵਾਨਾ ਹੋਏ ਰਾਸ਼ਟਰਪਤੀ ਟਰੰਪ
ਨਵੀਂ ਦਿੱਲੀ, (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ, ਧੀ ਇਵਾਂਕਾ, ਜਵਾਈ ਜੇਰੇਡ ਕੁਸ਼ਨਰ ਨਾਲ ਦੋ ਦਿਨਾਂ ਦੇ ਭਾਰਤੀ ਦੌਰੇ ‘ਤੇ ਆਏ ਸਨ ਅਤੇ 25 ਫਰਵਰੀ ਨੂੰ ਦੇਰ ਰਾਤ ਅਮਰੀਕਾ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਟਰੰਪ ਨੇ ਪਹਿਲੀ ਵਾਰ ਤਾਜ ਮਹੱਲ ਦਾ ਦੀਦਾਰ ਵੀ ਕੀਤਾ। ਤਾਜ ਮਹੱਲ ਦਾ ਦੀਦਾਰ ਕਰਨ ਤੋਂ ਬਾਅਦ ਟਰੰਪ-ਮੇਲਾਨੀਆ ਨੇ ਤਸਵੀਰਾਂ ਵੀ ਖਿਚਵਾਈਆਂ। ਉੱਥੇ ਟਰੰਪ ਦੀ ਬੇਟੀ ਇਵਾਂਕਾ ਨੇ ਆਪਣੇ ਪਤੀ ਜੇਰੇਡ ਕੁਸ਼ਨਰ ਨਾਲ ਤਾਜ ਮਹੱਲ ਦਾ ਦੀਦਾਰ ਕੀਤਾ।
ਟਰੰਪ ਵੱਲੋਂ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਟਰੰਪ ਨੇ ਰਾਜਘਾਟ ਵਿਖੇ ਵਿਜ਼ਟਰ ਬੁੱਕ ‘ਚ ਲਿਖੇ ਸੰਦੇਸ਼ ‘ਚ ਮਹਾਤਮਾ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਅਮਰੀਕੀ ਲੋਕ ਮਹਾਤਮਾ ਗਾਂਧੀ ਦੇ ਵਿਚਾਰਾਂ ਦੇ ਨਾਲ ਇਕ ਅਖੰਡ ਅਤੇ ਅਦਭੁੱਤ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਇਹ ਇਕ ਸ਼ਾਨਦਾਰ ਸਨਮਾਨ ਹੈ। ਉਨ੍ਹਾਂ ਇਥੇ ਇਕ ਪੌਦਾ ਵੀ ਲਗਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਬਰਮਤੀ ਆਸ਼ਰਮ ‘ਚ ਲਿਖੇ ਸੰਦੇਸ਼ ‘ਚ ਟਰੰਪ ਨੇ ਮਹਾਤਮਾ ਗਾਂਧੀ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ। ਉਨ੍ਹਾਂ ਸਿਰਫ਼ ਮਹਾਨ ਦੋਸਤ ਮੋਦੀ ਦਾ ਜ਼ਿਕਰ ਕਰਦਿਆਂ ਧੰਨਵਾਦ ਦਾ ਸੰਦੇਸ਼ ਲਿਖਿਆ ਸੀ, ਜਿਸ ‘ਤੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ ਸੀ।
ਟਰੰਪ ਤੇ ਮੇਲਾਨੀਆ ਨੇ ਕੀਤਾ ਤਾਜ ਮਹੱਲ ਦਾ ਦੀਦਾਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪ੍ਰਥਮ ਮਹਿਲ ਮੇਲਾਨੀਆ ਟਰੰਪ ਨੇ ਸ਼ਾਮ ਸਮੇਂ ਢਲਦੇ ਸੂਰਜ ਦੇ ਪਿਛੋਕੜ ਵਿਚ ਵਿਸ਼ਵ ਦੇ ਅਜੂਬਿਆਂ ‘ਚ ਸ਼ੁਮਾਰ 17ਵੀਂ ਸਦੀ ਦੇ ਮੁਗ਼ਲ ਕਾਲ ਦੇ ਮਕਬਰੇ ਤੇ ਪਿਆਰ ਦੇ ਸਮਾਰਕ ਕਹੇ ਜਾਂਦੇ ਤਾਜ ਮਹੱਲ ਦੇ ਦੀਦਾਰ ਕੀਤੇ। ਟਰੰਪ ਜੋੜੇ ਨਾਲ ਇਸ ਮੌਕੇ ਉਨ੍ਹਾਂ ਦੀ ਧੀ ਇਵਾਂਕਾ ਤੇ ਦਾਮਾਦ ਜੇਅਰਡ ਕੁਸ਼ਨਰ ਵੀ ਮੌਜੂਦ ਸਨ। ਟਰੰਪ ਪਰਿਵਾਰ ਅਹਿਮਦਾਬਾਦ ਤੋਂ ਸਿੱਧਾ ਇਥੇ ਪੁੱਜਾ ਸੀ। ਮੁਗ਼ਲ ਸਮਰਾਟ ਸ਼ਾਹ ਜਹਾਂ ਨੇ ਆਪਣੀ ਬੇਗ਼ਮ ਮੁਮਤਾਜ਼ ਮਹਿਲ ਦੀ ਯਾਦ ਵਿਚ ਇਹ ਸਮਾਰਕ ਉਸਾਰਿਆ ਸੀ।
ਐੱਚ-1 ਬੀ ਵੀਜ਼ਾ ‘ਤੇ ਨਹੀਂ ਦਿੱਤਾ ਸਪੱਸ਼ਟ ਜਵਾਬ
ਅਮਰੀਕੀ ਰਾਸ਼ਟਰਪਤੀ ਨੇ ਭਾਰਤੀਆਂ ਲਈ ਅਹਿਮ ਮੁੱਦਾ ਐੱਚ-1ਬੀ ਵੀਜ਼ਾ ਦੇ ਮੁੱਦੇ ‘ਤੇ ਕੋਈ ਸਪੱਸ਼ਟ ਜਵਾਬ ਨਾ ਦਿੰਦਿਆਂ ਕਿਹਾ ਕਿ ਇਸ ਨੂੰ ਆਪਸ ‘ਚ ਮਿਲ ਕੇ ਸੁਲਝਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਕੰਮਕਾਜ ਲਈ ਦਿੱਤੇ ਜਾਣ ਵਾਲੇ ਉਕਤ ਵੀਜ਼ੇ ਦੇ ਨਿਯਮ ਅਪ੍ਰੈਲ ਤੋਂ ਤਬਦੀਲ ਹੋ ਰਹੇ ਹਨ। ਟਰੰਪ ਦੇ ਦੂਜੀ ਵਾਰ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਉਥੇ ਕੰਮ ਕਰਨ ਵਾਲੇ ਭਾਰਤੀਆਂ ਨੂੰ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Share