ਸੈਕਰਾਮੈਂਟੋ, 22 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਤੇ ਫਸਟ ਲੇਡੀ ਜਿਲ ਬਾਇਡਨ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲਾਉਣ ਦੀ ਸ਼ੁਰੂਆਤ ਕਰਨ ਮੌਕੇ ਵਾਸ਼ਿੰਗਟਨ ਡੀ.ਸੀ. ਵਿਚ ਇਕ ਕਲੀਨਿਕ ਦਾ ਦੌਰਾ ਕੀਤਾ ਤੇ ਉਨ੍ਹਾਂ ਨੇ ਕੁਝ ਸਮਾਂ ਬੱਚਿਆਂ ਨਾਲ ਬਿਤਾਇਆ। ਯੂ.ਐੱਸ. ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਹਰੀ ਝੰਡੀ ਮਿਲਣ ਉਪਰੰਤ ਪੂਰੇ ਅਮਰੀਕਾ ’ਚ ਬੱਚਿਆਂ ਦੇ ਟੀਕੇ ਲਾਉਣ ਦਾ ਕੰਮ ਸ਼ੁਰੂ ਹੋ ਗਿਆ। ਪੂਰੇ ਦੇਸ਼ ਵਿਚ 1.70 ਕਰੋੜ ਬੱਚੇ ਟੀਕਾਕਰਣ ਦੇ ਯੋਗ ਹਨ। ਰਾਸ਼ਟਰਪਤੀ ਨੇ ਡੀ.ਸੀ. ਹੈਲਥ ਕੋਵਿਡ-19 ਸੈਂਟਰ ਵਿਖੇ ਮਾਪਿਆਂ ਨੂੰ ਕਿਹਾ ਕਿ ਵਿਸ਼ਵ ਭਰ ਵਿਚ ਸਾਡਾ ਪਹਿਲਾ ਦੇਸ਼ ਹੈ, ਜਿਸ ਨੇ ਬੱਚਿਆਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਕੀਤੀ ਹੈ। ਰਾਸ਼ਟਰਪਤੀ ਨੇ ਇਕ ਛੋਟੀ ਬੱਚੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਾਂ ਕੋਵਿਡ ਵਾਇਰਸ ਖਤਮ ਕਰਨ ਜਾ ਰਹੇ ਹਾਂ, ਹੁਣ ਤੁਸੀਂ ਜਿਥੇ ਵੀ ਜਾਣਾ ਚਾਹੋ, ਜਾ ਸਕੋਗੇ।