ਅਮਰੀਕਾ ਨੇ 134 ਦੀ ਸਮਰੱਥਾ ਵਾਲੇ ਜਹਾਜ਼ ’ਚ 800 ਲੋਕਾਂ ਨੂੰ ਅਫਗਾਨਿਸਤਾਨ ’ਚੋਂ ਕੱਢਿਆ ਬਾਹਰ

763
ਅਮਰੀਕਾ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ ਜਹਾਜ਼ ’ਚ ਬੈਠੇ ਲੋਕ।
Share

ਕਾਬੁਲ, 18 ਅਗਸਤ (ਪੰਜਾਬ ਮੇਲ)- ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਕਾਬੁਲ ਹਵਾਈ ਅੱਡੇ ’ਤੇ ਭੱਜ-ਦੌੜ ਮਚੀ ਹੋਈ ਹੈ। ਇਸ ਵਿਚਕਾਰ ਅਮਰੀਕਾ ਨੇ ਅਫਗਾਨਿਸਤਾਨ ਵਿਚ ਫਸੇ ਆਪਣੇ ਸਾਰੇ ਨਾਗਰਿਕਾਂ ਅਤੇ ਡਿਪਲੋਮੈਟਾਂ ਸਮੇਤ ਕਈ ਅਫਗਾਨ ਨਾਗਰਿਕਾਂ ਨੂੰ ਸੁਰੱਖਿਅਤ ਤੌਰ ’ਤੇ ਬਾਹਰ ਕੱਢ ਲਿਆ ਹੈ। ਕਾਬੁਲ ਹਵਾਈ ਅੱਡੇ ’ਤੇ ਜਦੋਂ ਅਮਰੀਕੀ ਹਵਾਈ ਸੈਨਾ ਦਾ ਸੀ-17 ਗਲੋਬਮਾਸਟਰ ਉਡਾਣ ਭਰਨ ਜਾ ਰਿਹਾ ਸੀ, ਤਾਂ ਉਸ ਦੇ ਚਾਰੇ ਪਾਸੇ ਸੈਂਕੜੇ ਅਫਗਾਨੀ ਦੌੜ ਲਗਾ ਰਹੇ ਸਨ। ਇਸ ਘਟਨਾ ਦਾ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੇ ਹਨ। ਇੱਥੇ ਦੱਸ ਦਈਏ ਕਿ ਇਸ ਜਹਾਜ਼ ਦੇ ਬਾਹਰ ਹੀ ਨਹੀਂ, ਸਗੋਂ ਅੰਦਰ ਵੀ ਕੁਝ ਅਜਿਹਾ ਹੀ ਨਜ਼ਾਰਾ ਸੀ।
ਅਮਰੀਕਾ ਨੇ ਆਪਣੇ ਸੀ-17 ਗਲੋਬਮਾਸਟਰ ਨਾਮ ਦੇ ਇਸ ਜਹਾਜ਼ ਤੋਂ ਅਫਗਾਨਿਸਤਾਨ ’ਚ ਫਸੇ 800 ਅਮਰੀਕੀ ਲੋਕਾਂ ਨੂੰ ਇਕ ਵਾਰ ਵਿਚ ਹੀ ਸੁਰੱਖਿਅਤ ਤੌਰ ’ਤੇ ਬਾਹਰ ਕੱਢਿਆ ਹੈ। ਜਦਕਿ ਇਸ ਵੱਡੇ ਜਹਾਜ਼ ’ਚ ਸਿੰਗਲ ਫਲੋਰ ’ਤੇ ਵੱਧ ਤੋਂ ਵੱਧ 134 ਲੋਕਾਂ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ। ਅਜਿਹੇ ਵਿਚ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਹਾਜ਼ ਦੇ ਅੰਦਰ ਲੋਕਾਂ ਨੂੰ ਕਿਵੇਂ ਬਿਠਾਇਆ ਗਿਆ ਹੋਵੇਗਾ ਅਤੇ ਉਨ੍ਹਾਂ ਦੀ ਹਾਲਤ ਉਸ ਸਮੇਂ ਕੀ ਹੋਵੇਗੀ। ਜਹਾਜ਼ ਦੇ ਅੰਦਰ 80 ਲੋਕ ਪੈਲੇਟਾਂ ’ਤੇ ਅਤੇ ਸਾਈਡਵਾਲ ਸੀਟਾਂ ’ਤੇ 54 ਲੋਕ ਬੈਠ ਸਕਦੇ ਹਨ।
ਭਾਵੇਂਕਿ ਅਮਰੀਕੀ ਹਵਾਈ ਸੈਨਾ ਨੇ ਹੁਣ ਤੱਕ ਇਸ ਜਹਾਜ਼ ਜ਼ਰੀਏ 800 ਲੋਕਾਂ ਨੂੰ ਇਕ ਵਾਰ ਵਿਚ ਲਿਜਾਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਜੇਕਰ ਇਸ ਘਟਨਾ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਹੁਣ ਤੱਕ ਦੇ ਮਿਲਟਰੀ ਜਹਾਜ਼ਾਂ ਦੇ ਇਤਿਹਾਸ ’ਚ ਇਕ ਰਿਕਾਰਡ ਹੋਵੇਗਾ। ਸੀ-17 ਅਮਰੀਕੀ ਹਵਾਈ ਸੈਨਾ ਦੇ ਨਾਲ ਭਾਰਤੀ ਹਵਾਈ ਸੈਨਾ ਦੇ ਆਵਾਜਾਈ ਫਲੀਟ ਵਿਚ ਰੀੜ੍ਹ ਦੀ ਤਰ੍ਹਾਂ ਕੰਮ ਕਰਦਾ ਹੈ।

Share