ਅਮਰੀਕਾ ਨੇ 110 ਹੋਰ ਭਾਰਤੀ ਕੀਤੇ ਡਿਪੋਰਟ

919
Share

ਰਾਜਾਸਾਂਸੀ, 22 ਜੁਲਾਈ (ਪੰਜਾਬ ਮੇਲ)- ਬੀਤੇ ਵਰ੍ਹੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਏ 110 ਭਾਰਤੀ ਨੌਜਵਾਨ ਡਿਪੋਰਟ ਹੋਣ ਮਗਰੋਂ ਅਮਰੀਕਾ ਤੋਂ ਤੀਸਰੀ ਉਡਾਣ ਰਾਹੀਂ ਆਪਣੇ ਵਤਨ ਪਰਤ ਆਏ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਇਨ੍ਹਾਂ ਨੌਜਵਾਨਾਂ ਨੂੰ ਸਬੰਧਿਤ ਵੱਖ-ਵੱਖ ਜ਼ਿਲ੍ਹਿਆਂ ‘ਚ ਇਕਾਂਤਵਾਸ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਵਲੋਂ ਵਿਸ਼ੇਸ਼ ਬੱਸਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕਰੀਬ ਪਿਛਲੇ ਵਰ੍ਹੇ ਮਾਪਿਆਂ ਤੋਂ ਵਿਦਾ ਹੋਣ ਮਗਰੋਂ ਲੱਖਾਂ ਰੁਪਏ ਏਜੰਟਾਂ ਦੀ ਝੋਲੀ ਪਾਉਣ ‘ਤੇ ਕਈ-ਕਈ ਦਿਨ ਭੁੱਖ ਨਾਲ ਲੜਨ ਅਤੇ ਵੱਖੋ-ਵੱਖਰੇ ਢੰਗਾਂ ਨਾਲ ਹੋਰਨਾਂ ਮੁਲਕਾਂ ਦੀਆਂ ਸਰਹੱਦਾਂ ਟੱਪਦੇ ਹੋਏ ਅਮਰੀਕਾ ‘ਚ ਦਾਖ਼ਲ ਹੋਏ ਇਹ ਨੌਜਵਾਨ ਅਮਰੀਕਾ ਦੀ ਹੱਦ ‘ਤੇ ਪਹੁੰਚਦਿਆਂ ਸਾਰ ਹੀ ਉੱਥੋਂ ਦੀ ਪੁਲਿਸ ਦੇ ਅੜਿੱਕੇ ਚੜ੍ਹ ਗਏ ਸਨ। ਇੱਥੇ ਪੁੱਜੇ ਇਕ ਨੌਜਵਾਨ ਹਰਜੀਤ ਸਿੰਘ ਵਾਸੀ ਗੋਬਿੰਦਰਪੁਰ ਲੋਹਗੜ੍ਹ, ਜਲੰਧਰ ਨੇ ਦੱਸਿਆ ਕਿ ਉਹ ਸਾਲ 2019 ‘ਚ ਸੁਲਤਾਨ ਸਿੰਘ ਨਾਂਅ ਦੇ ਇਕ ਏਜੰਟ ਨੂੰ 28 ਲੱਖ ਰੁਪਏ ਦੇ ਕੇ ਅਮਰੀਕਾ ਲਈ ਰਵਾਨਾ ਹੋਇਆ ਸੀ। ਏਜੰਟ ਵਲੋਂ ਉਸ ਨੂੰ ਮੈਕਸੀਕੋ ਰਾਹੀਂ ਕੰਧ ਟਪਾ ਕੇ ਅਮਰੀਕਾ ‘ਚ ਪ੍ਰਵੇਸ਼ ਕਰਵਾਇਆ ਗਿਆ ਸੀ ਪਰ ਕੰਧ ਟੱਪਦਿਆਂ ਸਾਰ ਹੀ 10 ਕਦਮ ਚੱਲਣ ਉਪਰੰਤ ਉੱਥੋਂ ਦੀ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਜੇਲ੍ਹ ‘ਚ ਭੇਜ ਦਿੱਤਾ ਗਿਆ ਅਤੇ ਕਾਨੂੰਨੀ ਲੜਾਈ ਹਾਰਨ ਮਗਰੋਂ ਹੁਣ ਉਸ ਨੂੰ ਡਿਪੋਰਟ ਕਰਕੇ ਵਾਪਸ ਭੇਜਿਆ ਗਿਆ ਹੈ।


Share