ਅਮਰੀਕਾ  ਨੇ ਵੀਅਤਨਾਮ ਨੂੰ  ਦਿੱਤੀਆਂ ਕੋਰੋਨਾ ਵੈਕਸੀਨ ਦੀਆਂ  2 ਮਿਲੀਅਨ ਖੁਰਾਕਾਂ

501
Share

ਫਰਿਜ਼ਨੋ (ਕੈਲੀਫੋਰਨੀਆ), 8 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅੰਤਰ ਰਾਸ਼ਟਰੀ ਪੱਧਰ ‘ਤੇ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਵਿੱਚ ਸਹਾਇਤਾ ਕਰਨ ਦੇ ਉਦੇਸ਼ ਤਹਿਤ ਅਮਰੀਕਾ ਵੱਲੋਂ ਕੋਰੋਨਾ ਵੈਕਸੀਨ ਦੀਆਂ 2 ਮਿਲੀਅਨ ਖੁਰਾਕਾਂ ਨੂੰ ਵੀਅਤਨਾਮ ਭੇਜਿਆ ਗਿਆ ਹੈ। ਵ੍ਹਾਈਟ ਹਾਊਸ ਨੇ  ਜਾਣਕਾਰੀ ਦਿੱਤੀ ਕਿ  ਅਮਰੀਕਾ ਨੇ ਮੰਗਲਵਾਰ ਨੂੰ ਮੋਡਰਨਾ ਟੀਕੇ ਦੀਆਂ ਦੋ ਮਿਲੀਅਨ ਖੁਰਾਕਾਂ ਵੀਅਤਨਾਮ ਲਈ ਰਵਾਨਾ ਕੀਤੀਆਂ ਹਨ ਜੋ ਕਿ ਇਸ ਹੀ ਹਫਤੇ ਉੱਥੇ ਪਹੁੰਚ ਜਾਣਗੀਆਂ। ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ  ਵਿਸ਼ਵ ਭਰ ਵਿੱਚ ਤਕਰੀਬਨ 80 ਮਿਲੀਅਨ ਖੁਰਾਕਾਂ ਦਾਨ ਕਰਨ ਦੇ ਮਿੱਥੇ ਟੀਚੇ ਵਜੋਂ ਇੱਕ ਮਿਲੀਅਨ ਖੁਰਾਕਾਂ ਸੋਮਵਾਰ ਨੂੰ ਮਲੇਸ਼ੀਆ ਵੀ ਗਈਆਂ ਹਨ ਜਦਕਿ ਇੰਡੋਨੇਸ਼ੀਆ ਨੂੰ  ਵੀ ਚਾਰ ਮਿਲੀਅਨ ਖੁਰਾਕਾਂ ਭੇਜਣ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਦੇ ਨਾਲ ਹੀ  ਕੰਬੋਡੀਆ, ਲਾਓਸ, ਪਾਪੁਆ ਨਿਊ ਗਿੰਨੀ, ਫਿਲੀਪੀਨਜ਼ ਅਤੇ ਥਾਈਲੈਂਡ ਵੀ ਅਮਰੀਕਾ ਵੱਲੋਂ ਕੋਰੋਨਾ ਵੈਕਸੀਨ ਪ੍ਰਾਪਤ ਕਰਨ ਲਈ ਲਾਈਨ ਵਿੱਚ ਹਨ। ਲੱਗਭਗ 97 ਮਿਲੀਅਨ ਲੋਕਾਂ ਦੇ ਦੇਸ਼ ਵੀਅਤਨਾਮ ਵਿੱਚ ਟੀਕਾਕਰਨ ਦੀਆਂ ਦਰਾਂ ਘੱਟ ਹਨ ਅਤੇ ਪਿਛਲੇ ਕੁੱਝ ਹਫਤਿਆਂ ਵਿੱਚ ਲਾਗਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ। ਬਾਈਡੇਨ ਪ੍ਰਸ਼ਾਸਨ ਅਨੁਸਾਰ ਵੀਅਤਨਾਮ ਨੂੰ ਵੈਕਸੀਨ ਦੀ ਡਿਲੀਵਰੀ ਦੇ ਵਿਸ਼ਵ ਸਿਹਤ ਸੰਗਠਨ (ਡਬਲਯੂ ਐੱਚ ਓ) ਦੇ ਕੋਵੈਕਸ ਪ੍ਰੋਗ੍ਰਾਮ ਰਾਹੀਂ ਕੀਤੀ ਗਈ ਹੈ।

Share