ਅਮਰੀਕਾ ਨੇ ਵਿਦੇਸ਼ੀ ਸਰਕਾਰਾਂ ਨੂੰ 175 ਬਿਲੀਅਨ ਡਾਲਰ ਦੇ ਹਥਿਆਰ ਵੇਚੇ

591
Share

ਫਰਿਜ਼ਨੋ, 6 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕਾ ਨੇ 30 ਸਤੰਬਰ ਨੂੰ ਖਤਮ ਹੋਏ ਵਿੱਤੀ ਵਰ੍ਹੇ ਵਿਚ ਵਿਦੇਸ਼ੀ ਸਰਕਾਰਾਂ ਨੂੰ ਲਗਭਗ 175 ਬਿਲੀਅਨ ਡਾਲਰ ਦੇ ਹਥਿਆਰ ਵੇਚੇ ਹਨ। ਰਾਜ ਦੇ ਰਾਜਨੀਤਿਕ ਅਤੇ ਸੈਨਿਕ ਮਾਮਲਿਆਂ ਦੇ ਬਿਊਰੋ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਅਨੁਸਾਰ ਇਸ ਸਾਲ ਦੀ ਵਿਕਰੀ ਵਿਚ ਹੋਇਆ 2.8 ਫੀਸਦੀ ਦਾ ਵਾਧਾ, ਟਰੰਪ ਪ੍ਰਸ਼ਾਸਨ ਦੁਆਰਾ ਹਥਿਆਰਾਂ ਵਿਚ ਸੁਧਾਰ ਅਤੇ ਆਧੁਨਿਕੀਕਰਨ ਦੇ ਨਤੀਜੇ ਵਜੋਂ ਹੋਇਆ ਹੈ, ਜਦਕਿ ਪਿਛਲੇ ਵਿੱਤੀ ਸਾਲ ਵਿਚ ਸੰਯੁਕਤ ਰਾਜ ਦੇ ਫੌਜੀ ਉਪਕਰਣਾਂ ਦੀ ਕੁੱਲ ਵਿਕਰੀ 170 ਬਿਲੀਅਨ ਡਾਲਰ ਸੀ। ਹਥਿਆਰਾਂ ਦੀ ਵਿਕਰੀ ਦੇ ਮਾਮਲੇ ਸੰਬੰਧੀ 2017 ਵਿਚ, ਟਰੰਪ ਪ੍ਰਸ਼ਾਸਨ ਨੇ ”ਬਾਇ ਅਮੈਰਿਕਨ ਅਤੇ ਹਾਇਰ ਅਮੈਰੀਕਨ” ਦਾ ਇੱਕ ਆਰਡਰ ਜਾਰੀ ਕੀਤਾ ਸੀ, ਜਿਸਦੇ ਤਹਿਤ ਰਾਸ਼ਟਰਪਤੀ ਨੇ ਵਿਦੇਸ਼ੀ ਸਰਕਾਰਾਂ ਨੂੰ ਅਮਰੀਕਾ ਦੁਆਰਾ ਬਣਾਏ ਆਧੁਨਿਕ ਹਥਿਆਰ ਖਰੀਦਣ ਲਈ ਕਿਹਾ ਸੀ। ਰਾਜ ਅਤੇ ਰੱਖਿਆ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਲਾਕਹੀਡ ਮਾਰਟਿਨ ਦੇ ਐੱਫ-35 ਲੜਾਕੂ ਜਹਾਜ਼, ਜੋ ਕਿ ਜਾਪਾਨ ਨੂੰ 23.11 ਬਿਲੀਅਨ ਡਾਲਰ ਵਿਚ ਵੇਚੇ ਗਏ ਸਨ , ਅਮਰੀਕਾ ਦੁਆਰਾ ਹਥਿਆਰਾਂ ਦੀ ਵਿਕਰੀ ਵਿਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਹਨ।


Share