ਅਮਰੀਕਾ ਨੇ ਵਿਦੇਸ਼ਾਂ ਵਿਚ ਫਸੇ ਆਪਣੇ ਨਾਗਰਿਕ ਲਿਆਉਣੇ ਕੀਤੇ ਸ਼ੁਰੂ

691
Share

-ਭਾਰੀ ਗਿਣਤੀ ‘ਚ ਪੰਜਾਬੀ ਵੀ ਵਾਪਸ ਅਮਰੀਕਾ ਪਹੁੰਚੇ
ਵਾਸ਼ਿੰਗਟਨ, 8 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਦਰਮਿਆਨ ਅਮਰੀਕਾ ਦੇ ਬਹੁਤ ਸਾਰੇ ਨਾਗਰਿਕ ਭਾਰਤ ਸਮੇਤ ਹੋਰ ਵੱਖ-ਵੱਖ ਦੇਸ਼ਾਂ ‘ਚ ਫਸੇ ਹੋਏ ਸਨ। ਲਾਕਡਾਊਨ ਅਤੇ ਕਰਫਿਊ ਲੱਗੇ ਹੋਣ ਕਾਰਨ 22 ਮਾਰਚ ਨੂੰ ਭਾਰਤ ਵੱਲੋਂ ਸਾਰੀਆਂ ਵਪਾਰਕ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ ਕਾਰਨ ਕਈ ਅਮਰੀਕੀ ਪਰਿਵਾਰ, ਸੈਲਾਨੀ, ਪੇਸ਼ੇਵਰ, ਵਪਾਰੀ ਭਾਰਤ ‘ਚ ਫਸ ਗਏ ਸਨ। ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਸਪੈਸ਼ਲ ਆਪ੍ਰੇਸ਼ਨਲ ਫਲਾਈਟਾਂ ਨੂੰ ਮਨਜ਼ੂਰੀ ਤੋਂ ਬਾਅਦ ਅਮਰੀਕਾ ਸਣੇ ਕਈ ਦੇਸ਼ਾਂ ਨੇ ਆਪਣੇ ਨਾਗਰਿਕ ਭਾਰਤ ਵਿਚੋਂ ਕੱਢ ਕੇ ਲਿਆਉਣੇ ਸ਼ੁਰੂ ਕਰ ਦਿੱਤੇ ਹਨ।
ਅਮਰੀਕਾ ਨੇ ਪਿਛਲੇ ਹਫਤੇ ਸ਼ੁਰੂਆਤ ‘ਚ ਆਪਣੇ ਸਪੈਸ਼ਲ ਚਾਰਟਰਡ ਜਹਾਜ਼ਾਂ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਵਾਪਸ ਅਮਰੀਕਾ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ 2 ਹਜ਼ਾਰ ਦੇ ਕਰੀਬ ਅਮਰੀਕੀ ਨਾਗਰਿਕ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਅਮਰੀਕਾ ਲਿਆਂਦੇ ਜਾ ਚੁੱਕੇ ਹਨ। ਅਮਰੀਕੀ ਦੇ ਸੀਨੀਅਰ ਡਿਪਲੋਮੈਂਟ ਐਲਿਸ ਵਿਲਸ ਨੇ ਕਿਹਾ ਕਿ ਭਾਰਤ ਸਮੇਤ ਦੱਖਣ ਅਤੇ ਮੱਧ ਏਸ਼ੀਆਈ ਦੇਸ਼ਾਂ ਤੋਂ ਘੱਟੋ-ਘੱਟ 29 ਹਜ਼ਾਰ ਅਮਰੀਕੀ ਨਾਗਰਿਕਾਂ ਨੇ 13 ਫਲਾਈਟਾਂ ਤੋਂ ਦੇਸ਼ ਪਰਤਣ ਲਈ ਉਡਾਣਾਂ ਭਰੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਬਹੁਤ ਸਾਰੇ ਪੰਜਾਬੀ ਵੀ ਭਾਰਤ ‘ਚ ਕਰਫਿਊ ਅਤੇ ਲਾਕਡਾਊਨ ਕਾਰਨ ਫਸੇ ਹੋਏ ਹਨ। ਭਾਰਤ ਵਿਚ ਅਮਰੀਕਾ ਦੀ ਅੰਬੈਸੀ ਵੱਲੋਂ ਅਮਰੀਕਾ ਵਾਪਸ ਆਉਣ ਲਈ ਆਨਲਾਈਨ ਪ੍ਰਬੰਧ ਕੀਤਾ ਗਿਆ ਹੈ। ਇਸ ਰਾਹੀਂ ਅਮਰੀਕੀ ਨਾਗਰਿਕ ਅਤੇ ਗਰੀਨ ਕਾਰਡ ਹੋਲਡਰ ਇਹ ਫਾਰਮ ਭਰ ਕੇ ਅਰਜ਼ੀ ਦੇ ਸਕਦਾ ਹੈ ਅਤੇ ਅੰਬੈਸੀ ਵੱਲੋਂ ਉਨ੍ਹਾਂ ਦਾ ਨੰਬਰ ਆਉਣ ‘ਤੇ ਏਅਰਪੋਰਟ ਲਈ ਸੱਦਿਆ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਭਾਰਤ ਦੇ ਅੰਤਰਰਾਸ਼ਟਰੀ ਏਅਰਪੋਰਟਾਂ ਤੋਂ ਸਿੱਧਾ ਅਮਰੀਕਾ ਲਿਆਇਆ ਜਾਂਦਾ ਹੈ। ਪਿਛਲੇ ਦਿਨਾਂ ‘ਚ ਬਹੁਤ ਸਾਰੇ ਪੰਜਾਬੀ ਇਸ ਵਿਧੀ ਨਾਲ ਦਿੱਲੀ ਤੋਂ ਸਾਨ ਫਰਾਂਸਿਸਕੋ ਪਹੁੰਚ ਚੁੱਕੇ ਹਨ।


Share