ਅਮਰੀਕਾ ਨੇ ਲੱਗਭਗ 20 ਸਾਲਾਂ ਬਾਅਦ ਬਗਰਾਮ ਏਅਰ ਫੀਲਡ ਨੂੰ ਕੀਤਾ ਅਫਗਾਨਿਸਤਾਨ ਦੇ ਹਵਾਲੇ

511
ਫਰਿਜ਼ਨੋ, 3 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਆਦੇਸ਼ਾਂ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਇਨਾਤ ਅਮਰੀਕੀ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਜਾਰੀ ਹੈ। ਇਸ ਹੀ ਕਾਰਵਾਈ ਦੇ ਚਲਦਿਆਂ ਤਕਰੀਬਨ 20 ਸਾਲਾਂ ਬਾਅਦ, ਅਮਰੀਕਾ ਦੀ ਫੌਜ ਨੇ ਤਾਲਿਬਾਨ ਅਤੇ ਅਲ-ਕਾਇਦਾ ਵਿਰੁੱਧ ਲੜਾਈ ਦੇ ਕੇਂਦਰ ਬਗਰਾਮ ਏਅਰ ਫੀਲਡ ਅਫਗਾਨਿਸਤਾਨ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਹੈ। ਅਮਰੀਕਾ  ਦੇ ਦੋ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਅਫਗਾਨ ਨੈਸ਼ਨਲ ਸਿਕਿਓਰਿਟੀ ਅਤੇ ਡਿਫੈਂਸ ਫੋਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਬੇਸ਼ੱਕ ਅਮਰੀਕੀ ਸੈਨਿਕ ਵਾਪਸ ਆ ਰਹੇ ਹਨ। ਬਗਰਾਮ ਏਅਰਫੀਲਡ ਤੋਂ ਸੈਨਿਕਾਂ ਦੀ ਵਾਪਸੀ ਇੱਕ ਸਪਸ਼ਟ ਸੰਕੇਤ ਹੈ ਕਿ ਅਮਰੀਕਾ ਦੇ 2,500-3,500 ਸੈਨਿਕਾਂ ਨੇ ਅਫਗਾਨਿਸਤਾਨ ਛੱਡ ਦਿੱਤਾ ਹੈ ਜਾਂ ਉਹ ਰਵਾਨਗੀ ਦੇ ਨੇੜੇ ਹਨ। ਬਹੁਤ ਸਾਰੇ ਨਾਟੋ ਦੇਸਾਂ ਦੇ ਫੌਜੀ ਪਹਿਲਾਂ ਹੀ ਅਫਗਾਨਿਸਤਾਨ ਤੋਂ  ਨਿਕਲ ਚੁੱਕੇ ਹਨ ਅਤੇ ਯੂਰਪੀਅਨ ਫੌਜਾਂ ਦੀ ਵੀ ਥੋੜੀ ਗਿਣਤੀ ਹੀ ਰਹਿ ਗਈ ਹੈ। ਹਾਲਾਂਕਿ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ  ਅਜੇ ਵੀ  ਤੁਰਕੀ ਅਤੇ ਅਮਰੀਕਾ ਦੇ ਸੈਨਿਕ ਕਰ ਰਹੇ ਹਨ। ਇਹ ਸੁਰੱਖਿਆ ਇਸ ਸਮੇਂ ਰੈਜ਼ੋਲਿਊਟ ਸਪੋਰਟ ਮਿਸ਼ਨ ਦੇ ਅਧੀਨ ਆਉਂਦੀ ਹੈ। ਅਮਰੀਕਾ ਅਤੇ ਇਸ ਦੇ ਨਾਟੋ ਸਹਿਯੋਗੀ ਦੇਸ਼ਾਂ ਦੁਆਰਾ ਬਗਰਾਮ ਏਅਰਫੀਲਡ ਤੋਂ ਅੰਤਮ ਵਾਪਸੀ ਬਾਰੇ ਅਜੇ ਤੱਕ ਅਫਗਾਨ ਅਧਿਕਾਰੀਆਂ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।