ਅਮਰੀਕਾ ਨੇ ਰੋਹਿੰਗਿਆ ਸ਼ਰਨਾਰਥੀਆਂ ਲਈ 180 ਮਿਲੀਅਨ ਡਾਲਰ ਦੀ ਸਹਾਇਤਾ ਦਾ ਕੀਤਾ ਐਲਾਨ

428
Share

ਫਰਿਜ਼ਨੋ, 25 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਮਿਆਂਮਾਰ ਨਾਲ ਸਬੰਧਿਤ 700,000 ਤੋਂ ਵੱਧ ਰੋਹਿੰਗਿਆ ਸ਼ਰਨਾਰਥੀਆਂ ਲਈ 180 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦੀ ਘੋਸ਼ਣਾ ਕੀਤੀ ਹੈ। ਇਸ ਸਬੰਧੀ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਦੱਸਿਆ ਕਿ ਯੂਨਾਈਟਿਡ ਨੇਸ਼ਨਜ਼ (ਯੂ.ਐੱਨ.) ’ਚ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਬਰਮਾ, ਬੰਗਲਾਦੇਸ਼ ਅਤੇ ਖੇਤਰ ਦੇ ਹੋਰਨਾਂ ਥਾਵਾਂ ’ਤੇ ਰਖਾਇਨ ਸਟੇਟ/ਰੋਹਿੰਗਿਆ ਸ਼ਰਨਾਰਥੀ ਸੰਕਟ ਤੋਂ ਪ੍ਰਭਾਵਿਤ ਲੋਕਾਂ ਲਈ ਲਗਭਗ 180 ਮਿਲੀਅਨ ਡਾਲਰ ਦੀ ਵਾਧੂ ਮਾਨਵਤਾਵਾਦੀ ਸਹਾਇਤਾ ਦਾ ਐਲਾਨ ਕੀਤਾ ਹੈ।
ਬਾਇਡਨ ਪ੍ਰਸ਼ਾਸਨ ਅਨੁਸਾਰ ਇਸ ਨਵੀਂ ਫੰਡਿੰਗ ਦੇ ਨਾਲ, ਇਸ ਪ੍ਰਤੀਕਿਰਿਆ ਲਈ ਅਮਰੀਕਾ ਦੀ ਕੁੱਲ ਮਾਨਵਤਾਵਾਦੀ ਸਹਾਇਤਾ ਅਗਸਤ 2017 ਤੋਂ ਲੈ ਕੇ 1.5 ਬਿਲੀਅਨ ਡਾਲਰ ਤੋਂ ਵੱਧ ਤੱਕ ਪਹੁੰਚ ਗਈ ਹੈ। ਮਿਆਂਮਾਰ 1 ਫਰਵਰੀ ਨੂੰ ਤਖਤਾ ਪਲਟਣ ਤੋਂ ਬਾਅਦ ਸੰਕਟ ਵਿਚ ਹੈ, ਜਦੋਂ ਮਿਆਂਮਾਰ ਦੀ ਫੌਜ ਨੇ ਸੀਨੀਅਰ ਜਨਰਲ ਮਿੰਗ ਆਂਗ ਹਲੇਂਗ ਦੀ ਅਗਵਾਈ ਵਿਚ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ ਅਤੇ ਇੱਕ ਸਾਲ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਸੀ। ਇਸ ਤਖਤਾ ਪਲਟ ਨੇ ਜਨਤਕ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਇਆ ਸੀ ਅਤੇ ਜਨਤਾ ਨੇ ਮਾਰੂ ਹਿੰਸਾ ਦਾ ਸਾਹਮਣਾ ਕੀਤਾ ਸੀ।

Share