ਅਮਰੀਕਾ ਨੇ ਮੁੜ ਖੋਲ੍ਹਿਆ ਸ਼ੇਖ਼ ਮੁਜੀਬੁਰ ਰਹਿਮਾਨ ਦੇ ਹੱਤਿਆਰੇ ਨੂੰ ਰਾਜਨੀਤਿਕ ਸ਼ਰਨ ਦੇਣ ਦਾ ਮਾਮਲਾ

852
Share

ਢਾਕਾ, 28 ਜੁਲਾਈ (ਪੰਜਾਬ ਮੇਲ)- ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਸ਼ੇਖ਼ ਮੁਜੀਬੁਰ ਰਹਿਮਾਨ ਦੀ ਹੱਤਿਆ ਦੇ ਇਕ ਦੋਸ਼ੀ ਨੂੰ ਰਾਜਨੀਤਿਕ ਸ਼ਰਨ ਦੇਣ ਦੇ 15 ਸਾਲ ਪੁਰਾਣੇ ਇਕ ਮਾਮਲੇ ਨੂੰ ਅਮਰੀਕਾ ਨੇ ਫਿਰ ਤੋਂ ਖੋਲ੍ਹਿਆ ਹੈ। ਮੀਡੀਆ ‘ਚ ਛਪੀਆਂ ਖ਼ਬਰਾਂ ‘ਚ ਇਹ ਜਾਣਕਾਰੀ ਸਾਹਮਣੇ ਆਈ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਗਵਾਈ ਵਾਲੀ ਵਰਤਮਾਨ ਸਰਕਾਰ, ਅਮਰੀਕਾ ‘ਚ ਛਿਪੇ ਬੰਗਲਾਦੇਸ਼ੀ ਸੈਨਾ ਦੇ ਸਾਬਕਾ ਅਧਿਕਾਰੀ ਐੱਮ.ਏ. ਰਾਸ਼ਿਦ ਚੌਧਰੀ ਦੇ ਹਵਾਲਗੀ ਦੇ ਲਈ ਅਮਰੀਕਾ ਨੂੰ ਅਪੀਲ ਕਰਦੀ ਰਹੀ ਹੈ। ਪ੍ਰਧਾਨ ਮੰਤਰੀ ਹਸੀਨਾ ਨੇ ਪਿਛਲੇ ਸਾਲ ਰਾਸ਼ਟਰਪਤੀ ਟਰੰਪ ਨੂੰ ਪੱਤਰ ਲਿਖ ਕੇ ਚੌਧਰੀ ਦੀ ਹਵਾਲਗੀ ਦੀ ਅਪੀਲ ਕੀਤੀ ਸੀ। ਭਗੌੜਾ ਕਰਾਰ ਦਿੱਤੇ ਗਏ ਚੌਧਰੀ ਨੇ ਸੈਨਾ ਦੇ ਹੋਰ ਅਧਿਕਾਰੀਆਂ ਦੇ ਨਾਲ ਮਿਲ ਕੇ ਤਖ਼ਤਾ ਪਲਟ ਕੀਤਾ ਸੀ, ਜਿਸ ਤੋਂ ਬਾਅਦ 1975 ‘ਚ ਹਸੀਨਾ ਦੇ ਪਿਤਾ ਸ਼ੇਖ਼ ਮੁਜੀਬੁਰ ਰਹਿਮਾਨ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਹਫ਼ਤੇ ਢਾਕਾ ਟ੍ਰਿਬਿਊਨ ‘ਚ ਅਮਰੀਕੀ ਸਮਾਚਾਰ ਪੋਰਟਲ ‘ਪਾਲਿਟਿਕੋ’ ਦੇ ਹਵਾਲੇ ਨਾਲ ਦਿੱਤੀ ਗਈ ਖ਼ਬਰ ਅਨੁਸਾਰ ਅਮਰੀਕਾ ਦੇ ਅਟਾਰਨੀ ਜਨਰਲ ਵਿਲਿਅਮਰ ਬਾਰ ਨੇ ਚੌਧਰੀ ਨੂੰ ਰਾਜਨੀਤਿਕ ਸ਼ਰਨ ਦੇਣ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਿਆ। ਦੱਸਣਯੋਗ ਹੈ ਕਿ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਅਤੇ ਬਾਅਦ ‘ਚ ਪ੍ਰਧਾਨ ਮੰਤਰੀ ਰਹੇ ਸ਼ੇਖ਼ ਮੁਜੀਬੁਰ ਰਹਿਮਾਨ ਦੀ 15 ਅਗਸਤ 1975 ਨੂੰ ਹੱਤਿਆ ਕਰ ਦਿੱਤੀ ਗਈ ਸੀ। ਰਹਿਮਾਨ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ, ਪਰ ਉਨ੍ਹਾਂ ਦੀਆਂ ਬੇਟੀਆਂ ਸ਼ੇਖ਼ ਹਸੀਨਾ ਅਤੇ ਸ਼ੇਖ਼ ਰੇਹਾਣਾ ਵਿਦੇਸ਼ ‘ਚ ਹੋਣ ਦੇ ਕਾਰਨ ਬਚ ਗਈਆਂ ਸਨ। ਇਸ ਹੱਤਿਆ ਕਾਂਡ ਦੇ 23 ਸਾਲ ਬਾਅਦ ਬੰਗਲਾਦੇਸ਼ ਸੈਨਾ ਦੇ ਸਾਬਕਾ ਅਧਿਕਾਰੀ ਚੌਧਰੀ ਅਤੇ ਹੋਰ ਭਗੌੜੇ ਦੋਸ਼ੀਆਂ ਨੂੰ ਹਾਈਕੋਰਟ ਨੇ 1998 ‘ਚ ਮੌਤ ਦੀ ਸਜ਼ਾ ਸੁਣਾਈ ਸੀ। ਸੁਪਰੀਮ ਕੋਰਟ ਨੇ 2009 ‘ਚ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ।


Share