ਅਮਰੀਕਾ ਨੇ ਭਾਰਤ ਕੋਲ ਮਨੁੱਖੀ ਅਧਿਕਾਰਾਂ ਦਾ ਮੁੱਦਾ ਚੁੱਕਿਆ

394
Share

ਨਵੀਂ ਦਿੱਲੀ, 20 ਮਾਰਚ (ਪੰਜਾਬ ਮੇਲ)- ਅਮਰੀਕਾ ਨੇ ਭਾਰਤੀ ਵਿਦੇਸ਼ੀ ਮੰਤਰੀ ਐੱਸ. ਜੈਸ਼ੰਕਰ ਅਤੇ ਅਮਰੀਕੀ ਰੱਖਿਆ ਮੰਤਰੀ ਲੌਇਡ ਜੇ. ਆਸਟਿਨ ਦਰਮਿਆਨ ਮੀਟਿੰਗ ਦੌਰਾਨ ਭਾਰਤ ਵਿਚ ਮਨੁੱਖੀ ਅਧਿਕਾਰਾਂ ’ਤੇ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਦੋਵਾਂ ਮੰਤਰੀਆਂ ਦਰਮਿਆਨ ਇੱਕ ਘੰਟਾ ਚੱਲੀ ਗੱਲਬਾਤ ਮਨੁੱਖੀ ਅਧਿਕਾਰਾਂ ’ਤੇ ਕੇਂਦਰਿਤ ਰਹੀ। ਆਸਟਿਨ ਨੇ ਜੈਸ਼ੰਕਰ ਨੂੰ ਕਿਹਾ ਕਿ ਵਿਸ਼ਵ ਦੀਆਂ ਦੋ ਸਭ ਤੋਂ ਵੱਡੀਆਂ ਜਮਹੂਰੀਅਤਾਂ ਹੋਣ ਕਾਰਨ ਅਮਰੀਕਾ ਲਈ ਮਨੁੱਖੀ ਅਧਿਕਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਅਹਿਮ ਹਨ ਅਤੇ ਉਹ ਇਨ੍ਹਾਂ ਕਦਰਾਂ-ਕੀਮਤਾਂ ਦੇ ਅਗਵਾ ਨੂੰ ਰਹਿਣਗੇ। ਜੈਸ਼ੰਕਰ ਨੇ ਸਹਿਮਤੀ ਪ੍ਰਗਟਾਉਂਦਿਆਂ ਜ਼ੋਰ ਦਿੱਤਾ ਕਿ ਦੋਵਾਂ ਜਮਹੂਰੀਅਤਾਂ ਦਰਮਿਆਨ ਮਜ਼ਬੂਤ ਰਿਸ਼ਤੇ ਵਿਸ਼ਵ ਦੇ ਬਾਕੀ ਦੇਸ਼ਾਂ ਲਈ ਵੀ ਅਹਿਮ ਹਨ। ਨਵੀਂ ਦਿੱਲੀ ’ਚ ਵੱਖਰੇ ਤੌਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਅਮਰੀਕੀ ਰੱਖਿਆ ਮੰਤਰੀ ਆਸਟਿਨ ਨੇ ਭਾਰਤ ਨੂੰ ਰੂਸ ਤੋਂ ਹਥਿਆਰ ਖ਼ਰੀਦਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਸਹਿਯੋਗੀ ਦੇਸ਼ਾਂ ਤੇ ਭਾਈਵਾਲਾਂ ਨੂੰ ਰੂਸੀ ਹਥਿਆਰਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹਾਂ। ਅਜਿਹੇ ਕਿਸੇ ਸਮਝੌਤੇ ਤੋਂ ਬਚਿਆ ਜਾਵੇ, ਜੋ ਸਾਡੇ ਵੱਲੋਂ ਪਾਬੰਦੀਆਂ ਲਾਉਣ ਨੂੰ ਉਤਸ਼ਾਹਿਤ ਕਰੇ।’’

Share