ਅਮਰੀਕਾ ਨੇ ਚੀਨ ਦੇ ਕੰਪਿਊਟਰ ਨਿਰਮਾਤਾਵਾਂ ‘ਤੇ ਲਗਾਈਆਂ ਪਾਬੰਦੀਆ

379
Share

ਬੀਜਿੰਗ, 10 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਤੇ ਚੀਨ ਵਿਚਾਲੇ ਤਕਨੀਕ ਤੇ ਸੁਰੱਖਿਆ ਮਸਲਿਆਂ ‘ਤੇ ਵੀ ਤਣਾਅ ਵਧਦਾ ਜਾ ਰਿਹਾ ਹੈ। ਬਾਇਡਨ ਪ੍ਰਸ਼ਾਸਨ ਨੇ ਸੱਤ ਚੀਨੀ ਸੁਪਰ ਕੰਪਿਊਟਰ ਰਿਸਰਚ ਲੈਬ ਤੇ ਨਿਰਮਾਤਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਚੀਨੀ ਫ਼ੌਜ ਹਥਿਆਰਾਂ ਦੀ ਵਿਕਾਸ ‘ਚ ਇਨ੍ਹਾਂ ਕੰਪਨੀਆਂ ਦੇ ਸੁਪਰ ਕੰਪਿਊਟਰਾਂ ਦੀ ਵਰਤੋਂ ਕਰਦੀ ਹੈ। ਦੱਸਣਯੋਗ ਹੈ ਕਿ ਵਾਸ਼ਿੰਗਟਨ ਤੇ ਬੀਜਿੰਗ ਵਿਚਾਲੇ ਦੱਖਣੀ ਚੀਨ ਸਾਗਰ, ਤਿੱਬਤ, ਹਾਂਗਕਾਂਗ, ਸ਼ਿਨਜਿਆਂਗ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਕਾਰੋਬਾਰ ਸਮੇਤ ਕਈ ਮਸਲਿਆਂ ‘ਤੇ ਪਹਿਲਾਂ ਤੋਂ ਤਨਾਤਨੀ ਚੱਲ ਰਹੀ ਹੈ। ਬਾਇਡਨ ਪ੍ਰਸ਼ਾਸਨ ਨੇ ਪਾਬੰਦੀਆਂ ਦਾ ਐਲਾਨ ਕੀਤਾ। ਇਸ ਫ਼ੈਸਲੇ ਤੋਂ ਜਾਹਿਰ ਹੁੰਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਸਾਬਕਾ ਹੁਮ ਅਹੁਦਾ ਡੋਨਾਲਡ ਟਰੰਪ ਵੱਲੋਂ ਚੀਨੀ ਤਕਨੀਕੀ ਕੰਪਨੀਆਂ ਖ਼ਿਲਾਫ਼ ਸ਼ੁਰੂ ਕੀਤੇ ਗਏ ਸਖ਼ਤ ਰੁਖ਼ ‘ਤੇ ਬਣੇ ਰਹਿਣਗੇ। ਅਮਰੀਕਾ ਇਨ੍ਹਾਂ ਤਕਨੀਕੀ ਕੰਪਨੀਆਂ ਨੂੰ ਖ਼ਤਰਾ ਮੰਨਦਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਨਵੀਆਂ ਪਾਬੰਦੀਆਂ ਨਾਲ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਹੋਰ ਵੱਧ ਸਕਦਾ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਕਿਹਾ ਕਿ ਕੰਪਨੀਆਂ ਵੱਲੋਂ ਤਿਆਰ ਸੁਪਰ ਕੰਪਿਊਟਰਾਂ ਦੀ ਵਰਤੋਂ ਚੀਨੀ ਫ਼ੌਜ ਹਥਿਆਰਾਂ ਦੇ ਵਿਕਾਸ ਲਈ ਕਰਦੀ ਹੈ।

ਟਰੰਪ ਪ੍ਰਸ਼ਾਸਨ ਦੌਰਾਨ ਅਮਰੀਕਾ ਤੇ ਚੀਨ ਦੇ ਸਬੰਧ ਬੇਹੱਦ ਖ਼ਰਾਬ ਰਹੇ। ਇਸ ਪ੍ਰਸ਼ਾਸਨ ਨੇ ਕੋਰੋਨਾ ਮਹਾਮਾਰੀ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਦੱਖਣੀ ਚੀਨ ਸਾਗਰ ਦੇ ਮੁੱਦੇ ‘ਤੇ ਬੀਜਿੰਗ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਸੀ। ਹਾਂਗਕਾਂਗ ‘ਚ ਨਵੇਂ ਸੁਰੱਖਿਆ ਕਾਨੂੰਨ ਤੇ ਸ਼ਿਨਜਿਆਂਗ ‘ਚ ਉਈਗਰ ਮੁਸਲਮਾਨਾਂ ‘ਤੇ ਅੱਤਿਆਚਾਰ ਤੇ ਜਾਸੂਸੀ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੇ ਚੀਨ ਦੀਆਂ ਕਈ ਕੰਪਨੀਆਂ ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਸਨ।


Share