ਅਮਰੀਕਾ ਨੇ ਚੀਨ ਦੀਆਂ 11 ਕੰਪਨੀਆਂ ‘ਤੇ ਲਗਾਈਆਂ ਵਪਾਰ ਪਾਬੰਦੀਆਂ

438
Share

ਵਾਸ਼ਿੰਗਟਨ, 22 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਚੀਨ ਦੀਆਂ 11 ਕੰਪਨੀਆਂ ‘ਤੇ ਵਪਾਰ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਕੰਪਨੀਆਂ ਖ਼ਿਲਾਫ ਚੀਨ ਦੇ ਮੁਸਲਮਾਨ ਜਨਸੰਖਿਆ ਵਾਲੇ ਸ਼ਿਨਜਿਆਂਗ ਖ਼ੇਤਰ ‘ਚ ਮਨੁੱਖੀ ਅਧਿਕਾਰ ਉਲੰਘਣ ਦੇ ਮਾਮਲਿਆਂ ‘ਚ ਸ਼ਾਮਲ ਹੋਣ ਦੀਆਂ ਸ਼ਿਕਾਇਤਾਂ ਹਨ। ਅਮਰੀਕਾ ਵੱਲੋਂ ਸੋਮਵਾਰ ਨੂੰ ਐਲਾਨੀ ਇਹ ਪਾਬੰਦੀ ਚੀਨ ‘ਤੇ ਦਬਾਅ ਬਣਾਉਣ ਦੀ ਨਵੀਂ ਕੋਸ਼ਿਸ਼ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ‘ਤੇ ਇਸ ਖ਼ੇਤਰ ਵਿਚ ਮੁਸਲਮਾਨ ਘੱਟ ਗਿਣਤੀਆਂ ਨਾਲ ਬਦਸਲੂਕੀ, ਬੰਧੂਆ ਮਜ਼ਦੂਰੀ ਅਤੇ ਵੱਡੀ ਗਿਣਤੀ ‘ਚ ਲੋਕਾਂ ਨੂੰ ਹਿਰਾਸਤ ‘ਚ ਰੱਖਣ ਦੇ ਦੋਸ਼ ਲੱਗਦੇ ਰਹੇ ਹਨ।
ਅਮਰੀਕਾ ਅਤੇ ਚੀਨ ਦੇ ਸਬੰਧਾਂ ‘ਚ ਗਿਰਾਵਟ ਕਾਰਣਾਂ ਵਿਚ ਮਨੁੱਖੀ ਅਧਿਕਾਰ, ਵਪਾਰ ਅਤੇ ਤਕਨਾਲੋਜੀ ਦੇ ਨਾਲ-ਨਾਲ ਸ਼ਿਨਜਿਆਂਗ ਖ਼ੇਤਰ ਦਾ ਮੁੱਦਾ ਵੀ ਸ਼ਾਮਲ ਹੈ। ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਨੇ ਇਨ੍ਹਾਂ ਦੋਸ਼ਾਂ ਦੇ ਚਲਦੇ ਚੀਨ ਦੇ 4 ਅਧਿਕਾਰੀਆਂ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਉਥੇ ਹੀ ਜਵਾਬੀ ਕਾਰਵਾਈ ‘ਚ ਬੀਜਿੰਗ ਨੇ ਉਸ ਦੇ ਮਨੁੱਖੀ ਅਧਿਕਾਰ ਰਿਕਾਰਡ ਦਾ ਵਿਰੋਧ ਕਰਨ ਵਾਲੇ ਅਮਰੀਕਾ ਦੇ 4 ਸੈਨੇਟਰਾਂ ‘ਤੇ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਕਿਹਾ ਕਿ ਪਾਬੰਦੀਸ਼ੁਦਾ ਸੂਚੀ ‘ਚ ਪਾਏ ਜਾਣ ਨਾਲ ਇਨ੍ਹਾਂ 11 ਕੰਪਨੀਆਂ ਦੀ ਅਮਰੀਕੀ ਸਾਮਾਨ ਅਤੇ ਤਕਨਾਲੋਜੀ ਤੱਕ ਪਹੁੰਚ ਸੀਮਿਤ ਹੋਵੇਗੀ। ਹਾਲਾਂਕਿ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਇਸ ਨਾਲ ਕਿਨ੍ਹਾਂ ਸਾਮਾਨਾਂ ‘ਤੇ ਪ੍ਰਭਾਵ ਪਵੇਗਾ। ਅਮਰੀਕਾ ਦੇ ਵਾਣਿਜ ਮੰਤਰੀ ਵਿਲਬਰ ਰਾਸ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਪਾਬੰਦੀਆਂ ਇਹ ਯਕੀਨੀ ਕਰਣਗੀਆਂ ਕਿ ਚੀਨ ਦੀ ਕਮਿਊਨਿਸਟ ਪਾਰਟੀ ਉੱਥੇ ਦੇ ਕਮਜ਼ੋਰ ਮੁਸਲਮਾਨ ਘੱਟ ਗਿਣਤੀਆਂ ਖ਼ਿਲਾਫ ਅਮਰੀਕੀ ਸਾਮਾਨ ਅਤੇ ਤਕਨਾਲੋਜੀ ਦੀ ਵਰਤੋ ਨਾ ਕਰ ਸਕੇ।


Share