ਅਮਰੀਕਾ ਨੇ ਕੋਵਿਡ-19 ਦੀ ਮੁਸ਼ਕਿਲ ਘੜੀ ’ਚ ਭਾਰਤ ਵੱਲ ਮਦਦ ਦਾ ਹੱਥ ਵਧਾਇਆ

147
Share

– ਅਮਰੀਕਾ ਤੋਂ 318 ਆਕਸੀਜਨ ਕੰਸੰਟ੍ਰੇਟਰ ਭੇਜੇ
– ਬਾਇਡਨ ਨੇ ਕਿਹਾ: ਅਸੀਂ ਮਦਦ ਲਈ ਤਿਆਰ ਖੜ੍ਹੇ ਹਾਂ
– ਰਾਅ ਮਟੀਰੀਅਲ ਸਪਲਾਈ ਕਰਨ ਦਾ ਵੀ ਲਿਆ ਫੈਸਲਾ
ਵਾਸ਼ਿੰਗਟਨ/ਨਵੀਂ ਦਿੱਲੀ, 28 ਅਪ੍ਰੈਲ (ਪੰਜਾਬ ਮੇਲ)- ਫਰਾਂਸ, ਰੂਸ ਅਤੇ ਬਿ੍ਰਟੇਨ ਤੋਂ ਬਾਅਦ ਅਮਰੀਕਾ ਨੇ ਵੀ ਮੁਸੀਬਤ ਦੀ ਘੜੀ ਵਿਚ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਹੈ। ਇਸ ਦੇ ਮੱਦੇਨਜ਼ਰ ਸੋਮਵਾਰ ਅਮਰੀਕਾ ਤੋਂ 318 ਆਕਸੀਜਨ ਕੰਸੰਟ੍ਰੇਟਰ ਦਿੱਲੀ ਏਅਰਪੋਰਟ ਪਹੁੰਚੇ। ਇਸ ਤੋਂ ਪਹਿਲਾਂ ਭਾਰਤੀ ਸਮੇਂ ਮੁਤਾਬਕ, ਐਤਵਾਰ ਦੇਰ ਰਾਤ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ’ਚ ਭਾਰਤ ਨੇ ਸਾਡੇ ਹਸਪਤਾਲਾਂ ਵਿਚ ਮਦਦ ਭੇਜੀ ਸੀ। ਹੁਣ ਜਦਕਿ ਉਸ ਨੂੰ ਜ਼ਰੂਰਤ ਹੈ, ਤਾਂ ਅਸੀਂ ਮਦਦ ਲਈ ਤਿਆਰ ਖੜ੍ਹੇ ਹਾਂ। ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਅਸੀਂ ਭਾਰਤ ਦੀ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਤਾਂ ਜੋ ਕੋਰੋਨਾ ਦੀ ਇਸ ਲਹਿਰ ਦੌਰਾਨ ਜਲਦੀ ਤੋਂ ਜਲਦੀ ਅਤੇ ਸਾਜੋ-ਸਮਾਨ ਭੇਜਿਆ ਜਾ ਸਕੇ।
ਇਸ ਤੋਂ ਪਹਿਲਾਂ ਅਮਰੀਕਾ ਨੇ ਵੈਕਸੀਨ ਦੇ ਕੱਚੇ ਮਾਲ ’ਤੇ ਲੱਗੀ ਰੋਕ ਹਟਾਉਂਦੇ ਹੋਏ ਭਾਰਤ ਨੂੰ ਤੁਰੰਤ ਰਾਅ ਮਟੀਰੀਅਲ ਸਪਲਾਈ ਕਰਨ ਦਾ ਫੈਸਲਾ ਲਿਆ ਹੈ। ਦੁਨੀਆਂ ਦੀ ਸਭ ਤੋਂ ਵੱਡੀ ਦਵਾਈ ਨਿਰਮਾਤਾ ਕੰਪਨੀ ਭਾਵ ਪੁਣੇ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਕਿਹਾ ਸੀ ਕਿ ਜੇ ਉਹ ਕੋਰੋਨਾ ਖਿਲਾਫ ਗੰਭੀਰ ਹਨ, ਉਹ ਕੱਚੇ ਮਾਲ ਦੇ ਨਿਰਯਾਤ ’ਤੇ ਲੱਗੇ ਪਾਬੰਦੀਆਂ ਨੂੰ ਹਟਾ ਦੇਣ।
ਭਾਰਤ ’ਚ ਵਿਗੜਦੇ ਹਾਲਾਤ ’ਤੇ ਅਮਰੀਕਾ ਦੀ ਚੁੱਪੀ ’ਤੇ ਸਵਾਲ ਉਠ ਰਹੇ ਸਨ। ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੇਕ ਸੁਲਿਵਨ ਨੇ ਐਤਵਾਰ ਭਾਰਤ ਦੇ ਐੱਨ.ਐੱਸ.ਏ. ਅਜੀਤ ਡੋਵਾਲ ਨਾਲ ਫੋਨ ’ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਭਾਰਤ ’ਚ ਵੱਧਦੇ ਕੋਰੋਨਾ ਮਾਮਲਿਆਂ ’ਤੇ ਚਿੰਤਾ ਜ਼ਾਹਿਰ ਕੀਤੀ। ਸੁਲਿਵਨ ਨੇ ਕਿਹਾ ਕਿ ਭਾਰਤ ’ਚ ਬਣ ਰਹੀ ਕੋਵੀਸ਼ੀਲਡ ਵੈਕਸੀਨ ਲਈ ਜਿਸ ਕੱਚੇ ਮਾਲ ਦੀ ਜ਼ਰੂਰਤ ਹੋਵੇਗੀ, ਅਮਰੀਕਾ ਉਸ ਨੂੰ ਤੁਰੰਤ ਮੁਹੱਈਆ ਕਰਾਵੇਗਾ। ਇਸ ਤੋਂ ਅਮਰੀਕਾ ਵੱਲੋਂ ਭਾਰਤ ਨੂੰ ਰੇਪਿਡ ਟੈਸਟ ਕਿੱਟ, ਵੈਂਟੀਲੇਟਰਸ ਅਤੇ ਪੀ.ਪੀ.ਈ. ਕਿੱਟ ਵੀ ਉਪਲੱਬਧ ਕਰਾਈ ਜਾਵੇਗੀ।
ਅਮਰੀਕਾ ਭਾਰਤ ਨੂੰ ਤੁਰੰਤ ਆਕਸੀਜਨ ਅਤੇ ਉਸ ਨਾਲ ਜੁੜੀ ਸਪਲਾਈ ਦੇਣ ਦਾ ਵਿਕਲਪ ਵੀ ਲੱਭ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਕੁਝ ਮਾਹਿਰ ਦੀ ਟੀਮ ਭੇਜੇਗੀ, ਜੋ ਸੈਂਟਰ ਫਾਰ ਡਿਸੀਜ਼ ਕੰਟਰੋਲ (ਸੀ.ਡੀ.ਸੀ.), ਯੂ.ਐੱਸ.ਐੱਡ, ਅਮਰੀਕੀ ਦੂਤਘਰ ਅਤੇ ਭਾਰਤ ਦੇ ਸਿਹਤ ਮੰਤਰਾਲਾ ਨਾਲ ਮਿਲ ਕੇ ਕੰਮ ਕਰੇਗੀ। ਅਮਰੀਕਾ ਦਾ ਡਿਵੈਲਪਮੈਂਟ ਕਾਰਪੋਰੇਸ਼ਨ (ਡੀ.ਐੱਫ.ਸੀ.) ਬਾਇਓਲਾਜ਼ਿਕਲ ਈ-ਕੰਪਨੀ ਨੂੰ ਵਧਾਉਣ ਲਈ ਫੰਡਿੰਗ ਦੇਵੇਗਾ, ਤਾਂ ਜੋ ਕੰਪਨੀ 2022 ਦੇ ਆਖਿਰ ਤੱਕ ਭਾਰਤ ’ਚ ਕੋਵਿਡ-19 ਦੀਆਂ 10 ਕਰੋੜ ਵੈਕਸੀਨ ਬਣਾ ਸਕੇ।

Share