ਅਮਰੀਕਾ ਨੇ ਕੈਨੇਡਾ ਨਾਲ ਲੱਗਦੀ ਸਰਹੱਦ ’ਤੇ 21 ਅਗਸਤ ਤੱਕ ਵਧਾਈਆਂ ਪਾਬੰਦੀਆਂ

61
OLYMPUS DIGITAL CAMERA
Share

ਓਟਵਾ, 22 ਜੁਲਾਈ (ਪੰਜਾਬ ਮੇਲ)-ਕੈਨੇਡੀਅਨ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮੈਰੀਕਨਜ਼ ਲਈ ਸਰਹੱਦੀ ਪਾਬੰਦੀਆਂ ਵਿਚ 9 ਅਗਸਤ ਤੋਂ ਢਿੱਲ ਦਿੱਤੇ ਜਾਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਅਮਰੀਕਾ ਨੇ ਇਹ ਆਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਇਨ੍ਹਾਂ ਜ਼ਮੀਨੀ ਪਾਬੰਦੀਆਂ ’ਚ 21 ਅਗਸਤ ਤੱਕ ਵਾਧਾ ਕਰੇਗਾ।
ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀ.ਐੱਚ.ਐੱਸ.) ਵੱਲੋਂ ਫੈਡਰਲ ਰਜਿਸਟਰ ਨੂੰ ਪੋਸਟ ਕੀਤੇ ਨੋਟਿਸ ’ਚ ਅਮਰੀਕੀ ਅਧਿਕਾਰੀਆਂ ਨੇ ਇਹ ਆਖਿਆ ਹੈ ਕਿ ਕੋਵਿਡ-19 ਇਨਫੈਕਸ਼ਨ ਦਾ ਖਤਰਾ ਇੰਨਾ ਜ਼ਿਆਦਾ ਹੈ ਕਿ ਅਜੇ ਪਾਬੰਦੀਆਂ ’ਚ ਢਿੱਲ ਨਹੀਂ ਦਿੱਤੀ ਜਾ ਸਕਦੀ। ਇਹ ਪਾਬੰਦੀਆਂ ਬੁੱਧਵਾਰ ਨੂੰ ਖ਼ਤਮ ਹੋਣ ਜਾ ਰਹੀਆਂ ਸਨ।
ਫਿਰ ਵੀ ਜਿਹੜੇ ਕੈਨੇਡੀਅਨ ਅਮਰੀਕਾ ਦਾ ਸਫਰ ਕਰਨਾ ਚਾਹੁੰਦੇ ਹਨ, ਉਹ ਹਵਾਈ ਰਸਤੇ ਰਾਹੀਂ ਅਜਿਹਾ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਡਿਪਾਰਚਰ ਤੋਂ ਤਿੰਨ ਦਿਨ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੇ ਨੈਗੇਟਿਵ ਰਿਜ਼ਲਟ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ ਤੇ ਜਾਂ ਫਿਰ ਲਾਇਸੈਂਸਸ਼ੁਦਾ ਹੈਲਥ ਕੇਅਰ ਪ੍ਰੋਵਾਈਡਰ ਤੋਂ ਇਹ ਸਬੂਤ ਲਿਆਉਣਾ ਹੋਵੇਗਾ ਕਿ ਉਹ ਪਿਛਲੇ 90 ਦਿਨਾਂ ’ਚ ਕੋਵਿਡ-19 ਤੋਂ ਰਿਕਵਰ ਹੋ ਚੁੱਕੇ ਹਨ।
ਇਸ ਦੌਰਾਨ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਆਖਿਆ ਕਿ ਉਨ੍ਹਾਂ ਨੂੰ ਯੂ.ਐੱਸ. ਸੈਕਟਰੀ ਆਫ ਹੋਮਲੈਂਡ ਸਕਿਓਰਿਟੀ ਵੱਲੋਂ ਇਹ ਆਖਿਆ ਗਿਆ ਹੈ ਕਿ ਹਾਲ ਦੀ ਘੜੀ ਉਹ ਪਾਬੰਦੀਆਂ ਨਹੀਂ ਹਟਾਉਣਗੇ। ਇਹ ਪਾਬੰਦੀਆਂ ਮਾਰਚ 2020 ਤੋਂ ਜਾਰੀ ਹਨ।

Share