ਅਮਰੀਕਾ ਨੇ ਅਲਕਾਇਦਾ ਤੇ ਪਾਕਿਸਤਾਨੀ ਤਾਲਿਬਾਨ ਦੇ ਮੈਂਬਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ

54

-ਅਫ਼ਗਾਨਿਸਤਾਨ ‘ਚੋਂ ਅੱਤਵਾਦੀ ਗਤੀਵਿਧੀਆਂ ‘ਤੇ ਲਗਾਮ ਕੱਸਣੀ ਯਕੀਨੀ ਬਣਾਏਗਾ ਅਮਰੀਕਾ: ਬਲਿੰਕਨ
ਵਾਸ਼ਿੰਗਟਨ, 3 ਦਸੰਬਰ (ਪੰਜਾਬ ਮੇਲ)- ਅਮਰੀਕਾ ਨੇ ਅਲਕਾਇਦਾ ਅਤੇ ਪਾਕਿਸਤਾਨੀ ਤਾਲਿਬਾਨ ਜਥੇਬੰਦੀਆਂ ਦੇ ਚਾਰ ਮੈਂਬਰਾਂ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਾਇਡਨ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਅੱਤਵਾਦੀ ਅਫ਼ਗਾਨਿਸਤਾਨ ਵਿਚ ਪੈਰ ਨਾ ਜਮਾ ਸਕੇ। ਜਿਨ੍ਹਾਂ ਨੂੰ ਆਲਮੀ ਅੱਤਵਾਦੀ ਵਜੋਂ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿਚ ਭਾਰਤੀ ਉਪ ਮਹਾਦੀਪ ਵਿਚ ਅਲ ਕਾਇਦਾ (ਏ.ਕਿਊ.ਆਈ.ਐੱਸ.) ਦਾ ਅਮੀਰ ਓਸਾਮਾ ਮਹਿਮੂਦ, ਏ.ਕਿਊ.ਆਈ.ਐੱਸ. ਦਾ ਡਿਪਟੀ ਅਮੀਰ ਆਤਿਫ ਯਾਹੀਆ ਗੌਰੀ ਅਤੇ ਜਥੇਬੰਦੀ ਵਿਚ ਭਰਤੀ ਕਰਨ ਵਾਲਾ ਮੁਹੰਮਦ ਮਾਰੂਫ ਸ਼ਾਮਲ ਹਨ। ਇਸੇ ਤਰ੍ਹਾਂ ਪਾਕਿਸਤਾਨ ਦੇ ਖੈਬਰ ਪਖ਼ਤੂਨਖਵਾ ਵਿਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਡਿਪਟੀ ਅਮੀਰ ਕਾਰੀ ਅਮਜਦ ‘ਤੇ ਵੀ ਰੋਕ ਲਾ ਦਿੱਤੀ ਗਈ ਹੈ। ਇਸ ਕਦਮ ਤੋਂ ਬਾਅਦ ਇਨ੍ਹਾਂ ਮੈਂਬਰਾਂ ਦੀ ਉਹ ਸਾਰੀ ਜਾਇਦਾਦ ਤੇ ਹੋਰ ਹਿੱਤ ਜੋ ਅਮਰੀਕਾ ਦੇ ਅਧਿਕਾਰ ਖੇਤਰ ਵਿਚ ਹੋਣਗੇ, ਉਤੇ ਰੋਕ ਲਾ ਦਿੱਤੀ ਜਾਵੇਗੀ। ਅਮਰੀਕਾ ਦਾ ਕੋਈ ਵੀ ਵਿਅਕਤੀ ਇਨ੍ਹਾਂ ਨਾਲ ਲੈਣ-ਦੇਣ ਨਹੀਂ ਕਰ ਸਕੇਗਾ। ਇਕ ਬਿਆਨ ਵਿਚ ਬਲਿੰਕਨ ਨੇ ਕਿਹਾ ਕਿ ਅਮਰੀਕਾ, ਅਫ਼ਗਾਨਿਸਤਾਨ ‘ਚੋਂ ਕਾਰਵਾਈਆਂ ਕਰ ਰਹੇ ਟੀ.ਟੀ.ਪੀ. ਤੇ ਏ.ਕਿਊ.ਆਈ.ਐੱਸ. ਜਿਹੇ ਗਰੁੱਪਾਂ ‘ਤੇ ਲਗਾਮ ਕੱਸਣ ਲਈ ਵਚਨਬੱਧ ਹੈ। ਬਲਿੰਕਨ ਨੇ ਕਿਹਾ, ‘ਆਲਮੀ ਅਤਿਵਾਦੀ ਵਜੋਂ ਨਾਮਜ਼ਦ ਵਿਅਕਤੀਆਂ ਦੀਆਂ ਅਮਰੀਕੀ ਅਧਿਕਾਰ ਖੇਤਰ ਅਧੀਨ ਆਉਂਦੀਆਂ ਸਾਰੀਆਂ ਜਾਇਦਾਦਾਂ ‘ਤੇ ਰੋਕ ਲਾ ਦਿੱਤੀ ਗਈ ਹੈ।”