ਅਮਰੀਕਾ: ਨਾਰਥ ਕੈਰੋਲਿਨਾ ਸੈਂਟਰਲ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ, 2 ਲੋਕਾਂ ਦੀ ਹੋਈ ਮੌਤ

409
Share

ਫਰਿਜ਼ਨੋ (ਕੈਲੀਫੋਰਨੀਆ) 20 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)-ਅਮਰਕਾ ਦੀ ਨਾਰਥ ਕੈਰੋਲੀਨਾ ਸੈਂਟਰਲ ਯੂਨੀਵਰਸਿਟੀ (ਐਨ ਸੀ ਸੀ ਯੂ) ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਡਰਹਮ ਦੀ ਨਾਰਥ ਕੈਰੋਲਿਨਾ ਸੈਂਟਰਲ ਯੂਨੀਵਰਸਿਟੀ ਦੀ ਪਾਰਕਿੰਗ ‘ਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਡਰਹਮ ਪੁਲਿਸ ਵਿਭਾਗ ਅਨੁਸਾਰ ਗੋਲੀ ਲੱਗੇ ਦੋ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਨ ਸੀ ਸੀ ਯੂ ਪੁਲਿਸ ਅਤੇ ਪਬਲਿਕ ਸੇਫਟੀ ਵਿਭਾਗ ਨੇ ਕਿਹਾ ਕਿ ਪੀੜਤ ਜਿਨ੍ਹਾਂ ਦਾ ਨਾਮ ਨਹੀਂ ਦੱਸਿਆ ਗਿਆ, ਯੂਨੀਵਰਸਿਟੀ ਦੇ ਵਿਦਿਆਰਥੀ ਨਹੀਂ ਸਨ। ਇਸ ਗੋਲੀਬਾਰੀ ਦੇ ਸਮੇਂ  ਓ’ਕੇਲੀ-ਰਿਡਿਕ ਸਟੇਡੀਅਮ ਵਿਖੇ ਵਿੰਸਟਨ-ਸਲੇਮ ਸਟੇਟ ਯੂਨੀਵਰਸਿਟੀ ਦੇ ਵਿਰੁੱਧ ਇਸ ਯੂਨੀਵਰਸਿਟੀ ਦੇ ਮੈਚ ਦੌਰਾਨ 5,600 ਤੋਂ ਵੱਧ ਲੋਕ ਇਕੱਠੇ ਹੋਏ ਸਨ। ਇਸ ਗੋਲੀਬਾਰੀ ਦੇ ਸਬੰਧ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਗੋਲੀਬਾਰੀ ਦੇ ਕਾਰਨ  ਜਾਂ ਸੰਭਾਵਤ ਸ਼ੱਕੀ ਲੋਕਾਂ ਬਾਰੇ ਕੋਈ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਹੈ।

Share