ਅਮਰੀਕਾ ਨਵੰਬਰ ਮਹੀਨੇ ਤੋਂ ਮੁੜ ਖੋਲ੍ਹੇਗਾ ਕੈਨੇਡਾ ਤੇ ਮੈਕਸੀਕੋ ਦੀਆਂ ਜ਼ਮੀਨੀ ਸਰਹੱਦਾਂ

211
Share

ਵਾਸ਼ਿੰਗਟਨ, 13 ਅਕਤੂਬਰ (ਪੰਜਾਬ ਮੇਲ)- ਅਮਰੀਕਾ ਅਗਲੇ ਮਹੀਨੇ ਯਾਨੀ ਕਿ ਨਵੰਬਰ ਤੋਂ ਆਪਣੀ ਜ਼ਮੀਨੀ ਸਰਹੱਦਾਂ ਨੂੰ ਗੈਰ ਜ਼ਰੂਰੀ ਯਾਤਰਾ ਲਈ ਦੁਬਾਰਾ ਖੋਲ੍ਹ ਦੇਵੇਗਾ। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਪਿਛਲੇ ਲੰਮੇ ਸਮੇਂ ਤੋਂ ਗੁਆਂਢੀ ਮੁਲਕਾਂ ਨਾਲ ਜ਼ਮੀਨੀ ਆਵਾਜਾਈ ਬੰਦ ਪਈ ਹੈ।
ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੇ ਵਿਚਕਾਰ ਵਾਹਨ, ਰੇਲ ਅਤੇ ਕਿਸ਼ਤੀ ਯਾਤਰਾ ਕੋਵਿਡ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਬੰਦ ਪਈ ਸੀ। ਹੁਣ ਅਮਰੀਕਾ ਨਵੰਬਰ ਦੇ ਆਰੰਭ ’ਚ ਇਹ ਜ਼ਮੀਨੀ ਯਾਤਰਾ ਕਰਨ ਦੀ ਇਜਾਜ਼ਤ ਦੇ ਦੇਵੇਗਾ। ਇਸ ਦੇ ਲਈ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਲਈ ਪੂਰੀ ਤਰ੍ਹਾਂ ਕੋਵਿਡ ਟੀਕਾ ਲਗਵਾਉਣਾ ਜ਼ਰੂਰੀ ਹੋਵੇਗਾ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋਵੇਗਾ, ਉਥੇ ਟਰੱਕ ਡਰਾਈਵਰ ਵੀ ਹੁਣ ਖੁੱਲ੍ਹ ਕੇ ਬਾਰਡਰ ਪਾਰ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਮੈਕਸੀਕੋ ਅਤੇ ਕੈਨੇਡਾ ਦੋਵਾਂ ਵੱਲੋਂ ਅਮਰੀਕਾ ਉਪਰ ਪਿਛਲੇ ਲੰਮੇ ਸਮੇਂ ਤੋਂ ਜ਼ਮੀਨੀ ਯਾਤਰਾ ’ਤੇ ਪਾਬੰਦੀਆਂ ਨੂੰ ਸੌਖਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਕਿਉਂਕਿ ਇਸ ਨਾਲ ਬਹੁਤ ਸਾਰੇ ਪਰਿਵਾਰ ਇਕ ਦੂਸਰੇ ਤੋਂ ਵਿਛੜੇ ਹੋਏ ਸਨ। ਭਾਵੇਂ ਕਿ ਹਾਲੇ ਕੋਈ ਖਾਸ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ। ਪਰ ਫਿਰ ਵੀ ਨਵੰਬਰ ਦੇ ਸ਼ੁਰੂ ਵਿਚ ਜ਼ਮੀਨੀ ਆਵਾਜਾਈ ਬਹਾਲ ਹੋਣ ਦੀ ਪੂਰੀ ਸੰਭਾਵਨਾ ਹੈ।


Share