ਅਮਰੀਕਾ ਨਵੰਬਰ ਦੇ ਪਹਿਲੇ ਹਫਤੇ ਖੋਲ੍ਹੇਗਾ ਅੰਤਰਰਾਸ਼ਟਰੀ ਫਲਾਈਟਾਂ

453
Share

ਵਾਸ਼ਿੰਗਟਨ, 22 ਸਤੰਬਰ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਦੌਰਾਨ ਅਮਰੀਕਾ ਵੱਲੋਂ 24 ਮਾਰਚ, 2020 ਤੋਂ ਅੰਤਰਰਾਸ਼ਟਰੀ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਪਾਬੰਦੀ ਨੂੰ ਨਵੰਬਰ 2021 ਦੇ ਪਹਿਲੇ ਹਫਤੇ ਹਟਾਇਆ ਜਾ ਰਿਹਾ ਹੈ। ਅਮਰੀਕਾ ਵੱਲੋਂ 40 ਦੇ ਕਰੀਬ ਦੇਸ਼ਾਂ ਤੋਂ ਇਹ ਪਾਬੰਦੀਆਂ ਹਟਾ ਲਈਆਂ ਜਾਣਗੀਆਂ, ਜਿਸ ਵਿਚ ਭਾਰਤ ਦਾ ਨਾਂ ਵੀ ਆਉਂਦਾ ਹੈ। ਇਸ ਐਲਾਨ ਨਾਲ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਟੂਰਿਸਟ ਵੀਜ਼ਾ ਪ੍ਰਾਪਤ ਯਾਤਰੀ ਅਮਰੀਕਾ ਆਉਣ ਤੋਂ ਵਾਂਝੇ ਹੋ ਗਏ ਸਨ, ਜਿਨ੍ਹਾਂ ਨੂੰ ਇਸ ਐਲਾਨ ਨਾਲ ਵੱਡੀ ਰਾਹਤ ਪ੍ਰਾਪਤ ਹੋਈ ਹੈ। ਜੋਅ ਬਾਇਡਨ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਭਾਰਤੀਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਨਵੰਬਰ ਤੋਂ ਕੋਰੋਨਾ ਰੋਕੂ ਟੀਕੇ ਦੀ ਪੂਰੀ ਡੋਜ਼ ਲੈਣ ਵਾਲੇ ਲੋਕਾਂ ਨੂੰ ਅਮਰੀਕਾ ’ਚ ਦਾਖਲ ਕਰਨ ਦੀ ਮਨਜ਼ੂਰੀ ਹੋਵੇਗੀ। ਕੋਰੋਨਾ ਮਾਮਲਿਆਂ ’ਤੇ ਵ੍ਹਾਈਟ ਹਾਊਸ ਦੇ ਕੋਆਰਡੀਨੇਟਰ ਜੈਫ ਜੈਂਟਸ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਪੂਰੇ ਟੀਕਾਕਰਨ ਨਾਲ ਹੀ ਤਿੰਨ ਦਿਨ ਪਹਿਲਾਂ ਨੈਗੇਟਿਵ ਕੋਰੋਨਾ ਜਾਂਚ ਰਿਪੋਰਟ ਦਿਖਾਉਣੀ ਪਵੇਗੀ।
ਜੈਂਟਸ ਨੇ ਵਿਦੇਸ਼ੀ ਨਾਗਰਿਕਾਂ ਲਈ ਅਮਰੀਕਾ ਦੀ ਯਾਤਰਾ ਨੂੰ ਲੈ ਕੇ ਸੋਮਵਾਰ ਨੂੰ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਬਿਨਾਂ ਟੀਕਾ ਲਗਵਾਏ ਵਾਪਸ ਜਾਣ ਵਾਲੇ ਅਮਰੀਕੀ ਨਾਗਰਿਕਾਂ ਲਈ ਵੀ ਜਾਂਚ ਦੇ ਨਿਯਮ ਸਖ਼ਤ ਕੀਤੇ ਹਨ। ਅਜਿਹਾ ਲੋਕਾਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਇਕ ਦਿਨ ਪਹਿਲਾਂ ਤੇ ਅਮਰੀਕਾ ਪਹੁੰਚਣ ਦੇ ਇਕ ਦਿਨ ਦੇ ਅੰਦਰ ਕੋਰੋਨਾ ਜਾਂਚ ਕਰਵਾਉਣੀ ਪਵੇਗੀ। ਪੂਰਾ ਟੀਕਾਕਰਨ ਵਾਲੇ ਲੋਕਾਂ ਨੂੰ ਕੁਆਰੰਟਾਈਨ ’ਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਕੋਰੋਨਾ ਮਹਾਮਾਰੀ ਤੋਂ ਬਾਅਦ ਅਮਰੀਕਾ ਨੇ ਪਿਛਲੇ ਸਾਲ ਦੀ ਸ਼ੁਰੂਆਤ ’ਚ ਵਿਦੇਸ਼ੀ ਨਾਗਰਿਕਾਂ ਦੇ ਆਉਣ ’ਚ ਪਾਬੰਦੀ ਲਗਾ ਦਿੱਤੀ ਸੀ। ਇਸ ਦੀ ਸ਼ੁਰੂਆਤ ਚੀਨੀ ਨਾਗਰਿਕਾਂ ਨਾਲ ਹੋਈ ਸੀ, ਜਿਸ ਤੋਂ ਬਾਅਦ ਭਾਰਤ ਤੇ ਬ੍ਰਿਟੇਨ ਸਣੇ ਹੋਰ ਕਈ ਦੇਸ਼ਾਂ ਦੇ ਨਾਗਰਿਕਾਂ ਵੀ ਇਸ ਦੇ ਦਾਇਰੇ ’ਚ ਲਿਆਂਦਾ ਗਏ ਸੀ।
ਜੈਂਟਸ ਨੇ ਕਿਹਾ ਕਿ ਏਅਰਲਾਈਨਜ਼ ਨੂੰ ਯਾਤਰੀਆਂ ਤੋਂ ਉਨ੍ਹਾਂ ਦੇ ਫੋਨ ਨੰਬਰ ਤੇ ਹੋਰ ਜਾਣਕਾਰੀ ਵੀ ਲੈਣ ਨੂੰ ਕਿਹਾ ਜਾਵੇਗਾ, ਤਾਂ ਜੋ ਸੰਕ੍ਰਮਣ ਦਾ ਪਤਾ ਚੱਲਣ ’ਤੇ ਉਨ੍ਹਾਂ ਨਾਲ ਆਸਾਨੀ ਨਾਲ ਸੰਪਰਕ ਕੀਤਾ ਜਾ ਸਕੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਆਉਣ ਦੀ ਛੋਟ ਦਿੱਤੀ ਜਾਵੇਗੀ।

ਜੈਂਟਸ ਨੇ ਕਿਹਾ ਕਿ ਨਵੰਬਰ ਤੋਂ ਪਹਿਲਾਂ ਇਸ ਬਾਰੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੁਆਰਾ ਫੈਸਲਾ ਲੈ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਨੀਤੀ ਨੂੰ ਨਵੰਬਰ ਤੋਂ ਲਾਗੂ ਕੀਤਾ ਜਾਵੇਗਾ, ਤਾਂ ਜੋ ਉਸ ਤੋਂ ਪਹਿਲਾਂ ਏਅਰਲਾਈਨਜ਼ ਤੇ ਯਾਤਰਾ ਨਾਲ ਜੁੜੀਆਂ ਹੋਰ ਏਜੰਸੀਆਂ ਨੂੰ ਨਵੇਂ ਨਿਯਮਾਂ ਮੁਤਾਬਕ ਪ੍ਰੋਟੋਕਾਲ ਲਾਗੂ ਕਰਨ ਦਾ ਸਮਾਂ ਮਿਲ ਸਕੇ।


Share