ਅਮਰੀਕਾ ਦੇ  ਹਵਾਈ ਅੱਡਿਆਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਮਿਲਣਗੇ 8 ਬਿਲੀਅਨ ਡਾਲਰ ਦੇ ਰਾਹਤ ਫੰਡ

482
ਫਰਿਜ਼ਨੋ (ਕੈਲੀਫੋਰਨੀਆ), 24 ਜੂਨ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਮਹਾਂਮਾਰੀ ਦੌਰਾਨ ਲਗਾਈਆਂ ਯਾਤਰਾ ਪਾਬੰਦੀਆਂ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਨੂੰ ਆਰਥਿਕ ਪੱਖ ਤੋਂ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਲਈ ਮਹਾਂਮਾਰੀ ਤੋਂ ਪੈਦਾ ਹੋਏ ਸੰਕਟ ਵਿੱਚੋਂ ਉਭਰਨ ਲਈ ਸਰਕਾਰ ਵੱਲੋਂ ਦੇਸ਼ ਭਰ ਦੇ ਹਵਾਈ ਅੱਡਿਆਂ ਲਈ ਸਹਾਇਤਾ ਦੇ ਤੌਰ ‘ਤੇ 8 ਬਿਲੀਅਨ ਡਾਲਰ ਦੀ ਗ੍ਰਾਂਟ ਦਿੱਤੀ ਜਾਵੇਗੀ। ਜ਼ਿਆਦਾਤਰ ਪੈਸਾ ਵਪਾਰਕ ਹਵਾਈ ਸੇਵਾ ਨਾਲ ਜੁੜੇ ਵੱਡੇ ਹਵਾਈ ਅੱਡਿਆਂ ‘ਤੇ ਜਾਵੇਗਾ ਅਤੇ ਉਹ ਯਾਤਰੀ ਬੋਰਡਿੰਗਾਂ ਦੀ ਸੰਖਿਆ ਦੇ ਅਧਾਰ ‘ਤੇ 6.5 ਬਿਲੀਅਨ ਡਾਲਰ ਦੀ ਵੰਡ ਕਰਨਗੇ। ਇਸਦੇ ਨਾਲ ਹੀ ਟਰਮੀਨਲਾਂ ਵਿੱਚ ਭੋਜਨ ਅਤੇ ਹੋਰ ਦੁਕਾਨਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਨੂੰ ਕਿਰਾਏ ਦੀ ਰਾਹਤ ਦੇਣ ਲਈ ਹੋਰ 800 ਮਿਲੀਅਨ ਡਾਲਰ ਦਿੱਤੇ ਜਾਣਗੇ। ਇਸ ਗ੍ਰਾਂਟ ਨੂੰ ਪ੍ਰਾਪਤ ਕਰਨ ਲਈ ਐਫ ਏ ਏ ਅਨੁਸਾਰ ਹਵਾਈ ਅੱਡਿਆਂ ਨੂੰ ਘੱਟੋ ਘੱਟ 90% ਕਾਮਿਆਂ ਨੂੰ ਰੱਖਣਾ ਜਰੂਰੀ ਹੈ। ਕਾਂਗਰਸ ਨੇ ਮਹਾਂਮਾਰੀ ਰਾਹਤ ਦੇ ਹਿੱਸੇ ਵਜੋਂ ਪੈਸੇ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਉੱਤੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮਾਰਚ ਵਿੱਚ ਦਸਤਖਤ ਕੀਤੇ ਸਨ।  ਬਾਈਡੇਨ ਪ੍ਰਸ਼ਾਸਨ ਅਨੁਸਾਰ ਇਹ ਗ੍ਰਾਂਟ ਹਵਾਈ ਯਾਤਰਾ ਦੀਆਂ ਨੌਕਰੀਆਂ ਅਤੇ ਨਿਰਮਾਣ ਪ੍ਰਾਜੈਕਟਾਂ ਵਿੱਚ ਸਹਾਇਤਾ ਕਰੇਗੀ। ਐਫ ਏ ਏ ਨੇ ਜਾਣਕਾਰੀ ਦਿੱਤੀ ਕਿ ਇਸ ਗ੍ਰਾਂਟ ਯੋਜਨਾ ਵਿੱਚ ਹੋਰਨਾਂ ਸਮੇਂਤ ਕਈ ਸੌ ਹਵਾਈ ਅੱਡਿਆਂ ਨੂੰ ਗ੍ਰਾਂਟ ਦੀ ਰਕਮ ਮਿਲੇਗੀ, ਜਿਸ ਵਿੱਚ ਸਿਆਟਲ-ਟੈਕੋਮਾ ਇੰਟਰਨੈਸ਼ਨਲ ਲਈ 175.7 ਮਿਲੀਅਨ ਡਾਲਰ, ਫਿਲਾਡੇਲਫੀਆ ਇੰਟਰਨੈਸ਼ਨਲ ਲਈ 115 ਮਿਲੀਅਨ ਡਾਲਰ, ਹੋਨੋਲੂਲੂ ਵਿੱਚ ਡੈਨੀਅਲ ਕੇ. ਇਨੋਏ ਇੰਟਰਨੈਸ਼ਨਲ ਲਈ 74.3 ਮਿਲੀਅਨ ਡਾਲਰ, ਸੇਂਟ ਲੂਈਸ ਲੰਬਰਟ ਇੰਟਰਨੈਸ਼ਨਲ ਲਈ 56.2 ਮਿਲੀਅਨ ਡਾਲਰ,  ਉੱਤਰੀ ਕੈਰੋਲਿਨਾ ਵਿਚ ਰੈਲੇ-ਡਰਹਮ ਇੰਟਰਨੈਸ਼ਨਲ ਲਈ 50.6 ਮਿਲੀਅਨ ਡਾਲਰ ਸ਼ਾਮਲ ਹਨ। ਇਸਦੇ ਇਲਾਵਾ ਅਮਰੀਕਾ ਵਿੱਚ ਲੱਗਭਗ 500 ਵਪਾਰਕ (ਕਮਰਸ਼ੀਅਲ) ਹਵਾਈ ਅੱਡੇ ਹਨ।