ਅਮਰੀਕਾ ਦੇ ਸੀਰੀਅਲ ਕਿੱਲਰ ਸੈਮੂਅਲ ਲਿਟਲ ਦੀ 80 ਸਾਲ ਦੀ ਉਮਰ ‘ਚ ਹੋਈ ਮੌਤ

506
Share

ਫਰਿਜ਼ਨੋ, 1 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ) – ਸੰਯੁਕਤ ਰਾਜ ਦੇ ਇੱਕ ਸੀਰੀਅਲ ਕਿੱਲਰ ਸੈਮੂਅਲ ਲਿਟਲ, ​​ਜਿਸਨੇ ਦੇਸ਼ ਭਰ ਵਿੱਚ 90 ਤੋਂ ਵੱਧ ਕਤਲਾਂ ਦਾ ਇਕਰਾਰ ਕੀਤਾ ਸੀ ਅਤੇ ਜੇਲ੍ਹ ਵਿੱਚ ਕਈ ਮਾਮਲਿਆਂ ਸੰਬੰਧੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ, ਦੀ ਬੁੱਧਵਾਰ ਨੂੰ ਕੈਲੀਫੋਰਨੀਆਂ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ।ਲਿਟਲ ਦੀ ਮੌਤ ਸੰਬੰਧੀ ਕੈਲੀਫੋਰਨੀਆਂ ਦੇ ਸੁਧਾਰ ਅਤੇ ਮੁੜ ਵਸੇਬੇ ਵਿਭਾਗ ਦੇ ਇੱਕ ਬਿਆਨ ਅਨੁਸਾਰ ਇਸ 80 ਸਾਲਾ ਵਿਅਕਤੀ ਨੂੰ ਸਵੇਰੇ 4:53 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸੁਧਾਰ ਵਿਭਾਗ ਨੇ ਦੱਸਿਆ ਕਿ ਮੌਤ ਦਾ ਅਧਿਕਾਰਤ ਕਾਰਨ ਅਜੇ ਜਾਰੀ ਨਹੀਂ ਕੀਤਾ ਗਿਆ ਹੈ ਜੋ ਕਿ ਬਾਅਦ ਵਿੱਚ ਲਾਸ ਏਂਜਲਸ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਦੁਆਰਾ ਨਿਰਧਾਰਤ ਕੀਤਾ ਜਾਵੇਗਾ ਜਦਕਿ ਲਿਟਲ ਸ਼ੂਗਰ, ਦਿਲ ਦੀ ਤਕਲੀਫ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਸੀ। ਇਹ ਕੈਦੀ ਇਸ ਸਮੇਂ 1980 ਵਿੱਚ ਲਾਸ ਏਂਜਲਸ ਕਾਉਂਟੀ ਵਿੱਚ ਤਿੰਨ ਔਰਤਾਂ ਦੀ ਹੱਤਿਆ ਲਈ ਬਿਨਾਂ ਪੈਰੋਲ ਦੀ ਸੰਭਾਵਨਾ ਤੋਂ ਤਿੰਨ ਉਮਰ ਸਜ਼ਾਵਾਂ ਦੀ ਕੈਦ  ਕੱਟ ਰਿਹਾ ਸੀ। ਲਿਟਲ ਨੂੰ ਡੀ ਐਨ ਏ ਦੇ ਜ਼ਰੀਏ ਕਤਲਾਂ ਨਾਲ ਜੋੜਿਆ ਗਿਆ ਸੀ ਜੋ ਕਿ ਅਪਰਾਧ ਕਰਨ ਦੌਰਾਨ ਮਿਲੇ ਸਬੂਤਾਂ ਨਾਲ ਮੇਲ ਖਾਂਦੇ ਸਨ। ਇਸ ਤੋਂ ਬਾਅਦ 2014 ਵਿੱਚ ਲਾਸ ਏਂਜਲਸ ਕਾਉਂਟੀ ਦੀ ਜਿਊਰੀ ਨੇ ਪਹਿਲੀ ਡਿਗਰੀ ਕਤਲ ਦੇ ਦੋਸ਼ ਵਿੱਚ ਸਜ਼ਾ ਕੀਤੀ ਸੀ। ਸਾਲ 2018 ਵਿੱਚ, ਲਿਟਲ ਨੇ 1970 ਅਤੇ 2005 ਦੇ ਦਰਮਿਆਨ ਜ਼ਿਆਦਾਤਰ ਫਲੋਰਿਡਾ ਅਤੇ ਦੱਖਣੀ ਕੈਲੀਫੋਰਨੀਆਂ ਵਿੱਚ 93 ਲੋਕਾਂ ਦੀ ਹੱਤਿਆ ਦਾ ਇਕਬਾਲ ਕੀਤਾ ਸੀ , ਜਿਸ ਕਰਕੇ ਐਫ ਬੀ ਆਈ ਨੇ ਉਸ ਨੂੰ ਸੰਯੁਕਤ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਮੁੱਖ ਸੀਰੀਅਲ ਕਿਲਰ ਕਿਹਾ ਹੈ।ਇਸਦੇ ਇਲਾਵਾ  ਐਫ ਬੀ ਆਈ ਅਨੁਸਾਰ ਇਸ ਹਤਿਆਰੇ ਨੇ ਉਨ੍ਹਾਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਜੋ ਕਿ ਵੇਸਵਾ ਵਿਰਤੀ ਜਾਂ ਨਸ਼ਿਆਂ ਵਿੱਚ ਸ਼ਾਮਲ ਸਨ।ਅਕਤੂਬਰ 2019 ਵਿੱਚ, ਐਫ ਬੀ ਆਈ ਅਧਿਕਾਰੀਆਂ ਨੇ ਦੱਸਿਆ ਸੀ ਕਿ ਲਿਟਲ ਦੁਆਰਾ 93 ਕਤਲਾਂ ਦੇ ਇਕਰਾਰਨਾਮੇ ਭਰੋਸੇਯੋਗ ਸਨ ਅਤੇ ਅਧਿਕਾਰੀਆਂ ਨੇ ਉਨ੍ਹਾਂ ਵਿਚੋਂ ਤਕਰੀਬਨ 50 ਦੀ ਤਸਦੀਕ ਵੀ ਕੀਤੀ ਸੀ।

Share