ਅਮਰੀਕਾ ਦੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਵਿਚ ਮਿਲੇਗੀ ਕੋਰੋਨਾ ਵੈਕਸੀਨ!

788

ਵਾਸ਼ਿੰਗਟਨ, 17 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚ ਇੱਕ ਰਾਹਤ ਵਾਲੀ ਖ਼ਬਰ ਹੈ। ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਨੇ ਕੋਵਿਡ 19 ਦੇ ਟੀਕੇ ਨੂੰ ਲੈ ਕੇ ਅਪਣੀ ਯੋਜਨਾ ਦਾ ਖੁਲਾਸਾ ਕਰਨ ਦੇ ਨਾਲ ਇਸ ‘ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਟੀਕਾ ਮੁਫ਼ਤ ਵਿਚ ਮਿਲੇਗਾ।

ਖ਼ਾਸ ਗੱਲ ਇਹ ਹੈ ਕਿ ਟੀਕੇ ਦੀ ਸਪਲਾਈ ਜਨਵਰੀ ਮਹੀਨੇ ਦੇ ਸ਼ੁਰੂ ਵਿਚ ਹੋਣ ਦੀ ਗੱਲ ਇਸ ਯੋਜਨਾ ਵਿਚ ਕਹੀ ਗਈ ਹੈ। ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਅਤੇ ਰੱਖਿਆ ਵਿਭਾਗ ਨੇ ਸਾਂਝੇ ਤੌਰ ‘ਤੇ ਇਸ ਯੋਜਨਾ ਨਾਲ ਜੁੜੇ ਦੋ ਦਸਤਾਵੇਜ਼ਾਂ ਨੂੰ ਜਾਰੀ ਕੀਤਾ। ਇਨ੍ਹਾਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਟਰੰਪ ਪ੍ਰਸ਼ਾਸਨ ਦੀ ਵੈਕਸੀਨ ਸਪਲਾਈ ਰਣਨੀਤੀ ਨੂੰ ਦਰਸਾਇਆ ਗਿਆ ਹੈ।
ਐਚਐਚਐਸ ਸਕੱਤਰ ਅਲੈਕਸ ਅਜਾਰ ਨੇ ਕਿਹਾ ਕਿ ਅਸੀਂ ਦੂਜੇ ਰਾਜਾਂ ਅਤੇ ਸਥਾਨਕ ਸਿਹਤ ਸਾਂਝੇਦਾਰਾਂ ਦੇ ਨਾਲ ਵੀ ਕੰਮ ਕਰ ਰਹੇ ਹਾਂ ਤਾਕਿ ਅਮਰੀਕਾ ਵਿਚ ਹਰ ਕਿਸੇ ਨੂੰ ਵੈਕਸੀਨ ਮਿਲ ਸਕੇ। ਅਮਰੀਕੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਵਿਗਿਆਨ ਅਤੇ ਡਾਟੇ ਦੀ ਮਦਦ ਨਾਲ ਵੈਕਸੀਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤ ਗਈ ਸੀ। ਬਿਆਨ ਜਾਰੀ ਹੋਣ ਤੋਂ ਬਾਅਦ ਮੁਢਲੀ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ ਅਜੇ ਸੀਮਤ ਮਾਤਰਾ ਵਿਚ ਹੀ ਵੈਕਸੀਨ ਉਪਲਬਧ ਹੈ ਅਤੇ ਪੂਰਾ ਧਿਆਨ ਸਿਹਤ ਕਰਮੀਆਂ, ਜ਼ਰੂਰੀ ਕਾਰਜਾਂ ਵਿਚ ਲੱਗੇ ਦੂਜੇ ਕਰਮਚਾਰੀਆਂ ਦੀ ਸੁਰੱਖਿਆ ‘ਤੇ ਹੈ। ਵੈਕਸੀਨ ਦੀ ਸਪਲਾਈ ਵਿਚ ਪੈਂਟਾਗਨ ਵੀ ਸਰਗਰਮ ਤੌਰ ‘ਤੇ ਸ਼ਾਮਲ ਹੋਵੇਗਾ। ਨਾਗਰਿਕ ਸਿਹਤ ਕਰਮੀ ਹੀ ਵੈਕਸੀਨ ਦਾ ਟੀਕਾ ਲਾਉਣਗੇ।