ਅਮਰੀਕਾ ਦੇ ਸਾਬਕਾ ਬਾਰਡਰ ਪੋ੍ਰਟੈਕਸ਼ਨ ਅਫਸਰ ’ਤੇ ਲੱਗੇ ਮਨੁੱਖੀ ਤਸਕਰੀ ਦੇ ਦੋਸ਼

94
Share

ਫਰਿਜ਼ਨੋ, 18 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੀ ਇੱਕ ਸਾਬਕਾ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਅਫਸਰ ਨੂੰ ਇੱਕ ਵਿਦੇਸ਼ੀ ਔਰਤ ਨੂੰ ਅਮਰੀਕਾ ’ਚ ਨੈਨੀ ਵਜੋਂ ਨੌਕਰੀ ਦੇਣ ਲਈ ਦਾਖਲਾ ਦੇਣ ਦੇ ਸਬੰਧ ’ਚ ਦੋਸ਼ੀ ਮੰਨਿਆ ਗਿਆ ਹੈ। ਟੈਕਸਾਸ ਦੇ ਯੂ.ਐੱਸ. ਅਟਾਰਨੀ ਆਫਿਸ ਦੀ ਰਿਪੋਰਟ ਅਨੁਸਾਰ ਲਾਰੇਡੋ ਦੀ ਸਾਬਕਾ ਸੀ.ਬੀ.ਪੀ. ਅਧਿਕਾਰੀ 40 ਸਾਲਾ ਰਹੋਂਡਾ ਲੀ ਵਾਕਰ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਇਸ ਔਰਤ ਦੇ ਦੇਸ਼ ’ਚ ਲਾਰੇਡੋ ਪੋਰਟ ਰਾਹੀਂ ਦਾਖਲ ਹੋਣ ਲਈ ਕਿਸੇ ਹੋਰ ਅਧਿਕਾਰੀ ਦੇ ਕੰਪਿਊਟਰ ਲਾਗ ਇਨ ਦੀ ਵਰਤੋਂ ਕੀਤੀ ਸੀ। ਇਸ ਦੌਰਾਨ ਉਸ ਔਰਤ ਦੀ ਐਂਟਰੀ ਤੋਂ ਪਹਿਲਾਂ ਉਸ ਦੇ ਡਾਕੂਮੈਂਟ ਵੀ ਸਕੈਨ ਕੀਤੇ ਗਏ ਸਨ। ਉਸ ਔਰਤ ਕੋਲ ਅਮਰੀਕਾ ’ਚ ਰਹਿਣ ਜਾਂ ਕੰਮ ਕਰਨ ਦੀ ਕੋਈ ਕਾਨੂੰਨੀ ਰੁਤਬਾ ਨਹੀਂ ਸੀ, ਜਦਕਿ ਵਾਕਰ ਦਾ ਇਰਾਦਾ ਸੀ ਕਿ ਉਹ ਔਰਤ ਗ਼ੈਰ-ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖਲ ਹੋਵੇ ਅਤੇ ਉਸ ਲਈ ਹਾਊਸਕੀਪਰ ਅਤੇ ਨੈਨੀ ਵਜੋਂ ਕੰਮ ਕਰੇ।
ਵਾਕਰ ਨੇ ਇਸ ਔਰਤ, ਜਿਸ ਦਾ ਨਾਂ ਯਦੀਰਾ ਯੇਸੇਨੀਆ ਟਰੈਵੀਨੋ-ਸੈਨ ਮਿਗੁਏਲ ਹੈ, ਬਾਰੇ ਅਧਿਕਾਰੀਆਂ ਨੂੰ ਝੂਠ ਬੋਲਦਿਆਂ ਇਹ ਵੀ ਕਿਹਾ ਕਿ ਉਹ ਉਸ ਦੀ ਮਾਸੀ ਸੀ। ਹਾਲਾਂਕਿ ਵਾਕਰ ਨੇ ਉਸ ਦੇ ਦਾਖਲੇ ਦੀ ਪ੍ਰਕਿਰਿਆ ਜਾਂ ਘਰ ’ਚ ਨੌਕਰੀ ਦੇਣ ਤੋਂ ਇਨਕਾਰ ਵੀ ਕੀਤਾ ਹੈ। ਇਸ ਮਾਮਲੇ ’ਚ ਵਾਕਰ ਨੂੰ 9 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਉਸ ਨੂੰ 10 ਸਾਲ ਕੈਦ ਅਤੇ 2,50,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

Share