ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਵਾਲਟਰ ਮੋਂਡੇਲ ਦਾ 93 ਸਾਲ ਦੀ ਉਮਰ ’ਚ ਦੇਹਾਂਤ

90
Share

ਫਰਿਜ਼ਨੋ, 21 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਵਾਲਟਰ ਮੋਂਡੇਲ ਜੋ ਕਿ 1984 ਵਿਚ ਰਾਸ਼ਟਰਪਤੀ ਅਹੁਦੇ ਦੇ ਲਈ ਡੈਮੋਕਰੇਟਿਕ ਉਮੀਦਵਾਰ ਸੀ, ਦੀ 93 ਸਾਲ ਦੀ ਉਮਰ ਵਿਚ ਸੋਮਵਾਰ ਨੂੰ ਮਿਨੀਆਪੋਲਿਸ ’ਚ ਮੌਤ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰ ਦੁਆਰਾ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਐਤਵਾਰ ਨੂੰ ਵਾਲਟਰ ਨੇ ਰਾਸ਼ਟਰਪਤੀ ਬਾਇਡਨ, ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਅਤੇ ਬਿਲ ਕਲਿੰਟਨ ਦੇ ਨਾਲ-ਨਾਲ ਉਪ ਰਾਸ਼ਟਰਪਤੀ ਹੈਰਿਸ ਅਤੇ ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਸੀ। ਉਹ ਸਾਲ 2018 ’ਚ ਜਾਰਜ ਐੱਚ. ਡਬਲਯੂ ਬੁਸ਼ ਦੀ ਮੌਤ ਤੋਂ ਬਾਅਦ ਸਭ ਤੋਂ ਪੁਰਾਣੇ ਜੀਵਤ ਉਪ ਰਾਸ਼ਟਰਪਤੀ ਸਨ। ਪਰਿਵਾਰ, ਦੋਸਤਾਂ ਅਤੇ ਵੋਟਰਾਂ ਲਈ ਫਰਿੱਟਜ ਵਜੋਂ ਜਾਣੇ ਜਾਂਦੇ ਮੋਂਡੇਲ 1977 ਤੋਂ 1981 ਤੱਕ ਕਾਰਟਰ ਦੇ ਅਧੀਨ ਸੇਵਾ ਕਰਨ ਤੋਂ ਪਹਿਲਾਂ ਮਿਨੀਸੋਟਾ ਦੇ ਅਟਾਰਨੀ ਜਨਰਲ ਅਤੇ ਸੈਨੇਟਰ ਵੀ ਸਨ। ਮੋਂਡੇਲ ਦੀ ਆਪਣੀ ਵ੍ਹਾਈਟ ਹਾਊਸ ਲਈ ਦੌੜ 1984 ਵਿਚ ਪ੍ਰਸਿੱਧ ਰਿਪਬਲਿਕਨ ਰੋਨਾਲਡ ਰੀਗਨ ਤੋਂ ਮਿਲੀ ਹਾਰ ਨਾਲ ਖਤਮ ਹੋਈ, ਜਦੋਂ ਉਸ ਨੇ ਖੁੱਲ੍ਹ ਕੇ ਵੋਟਰਾਂ ਨੂੰ ਕਿਹਾ ਸੀ ਕਿ ਜੇ ਉਹ ਜਿੱਤ ਜਾਂਦਾ ਹੈ, ਤਾਂ ਟੈਕਸ ਵਧਾਉਣ ਦੀ ਉਮੀਦ ਹੋਵੇਗੀ।
ਮਿਨੀਸੋਟਾ ਦੇ ਸਿਲੋਨ ਵਿਖੇ 5 ਜਨਵਰੀ, 1928 ਨੂੰ ਇੱਕ ਮੰਤਰੀ ਅਤੇ ਸੰਗੀਤ ਅਧਿਆਪਕਾ ਦੇ ਘਰ ਪੈਦਾ ਹੋਏ, ਵਾਲਟਰ ਫਰੈਡਰਿਕ ਮੋਂਡੇਲ ਨੇ ਆਪਣੇ ਰਾਜਨੀਤਿਕ ਸਲਾਹਕਾਰ ਹੁਬਰਟ ਐੱਚ ਹੰਫਰੀ ਦੀ 1948 ਵਿਚ ਸੈਨੇਟ ਦੀ ਸਫਲਤਾਪੂਰਵਕ ਮੁਹਿੰਮ ਵਿਚ ਕੰਮ ਕਰਦਿਆਂ ਆਪਣੀ ਉਮਰ ਦੇ 20ਵਿਆਂ ਵਿਚ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਫੌਜ ’ਚ ਦੋ ਸਾਲਾਂ ਦੇ ਕਾਰਜਕਾਲ ਤੋਂ ਬਾਅਦ, ਮੋਂਡੇਲ ਨੇ 1956 ਵਿਚ ਮਿਨੀਸੋਟਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ। 1960 ਵਿਚ ਉਹ ਅਟਾਰਨੀ ਜਨਰਲ ਚੁਣਿਆ ਗਿਆ। ਮੋਂਡੇਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1964 ਵਿਚ ਵਾਸ਼ਿੰਗਟਨ ’ਚ ਕੀਤੀ ਸੀ, ਜਦੋਂ ਉਹ ਹੰਫਰੀ ਦੀ ਥਾਂ ਲੈਣ ਲਈ ਸੈਨੇਟ ਵਿਚ ਨਿਯੁਕਤ ਹੋਏ ਸਨ, ਜਿਨ੍ਹਾਂ ਨੇ ਉਪ ਰਾਸ਼ਟਰਪਤੀ ਬਣਨ ਲਈ ਅਸਤੀਫਾ ਦੇ ਦਿੱਤਾ ਸੀ। ਸੈਨੇਟ ਵਿਚ, ਮੋਂਡੇਲ ਨੇ ਸਮਾਜਿਕ ਮੁੱਦਿਆਂ ਦੀ ਵਕਾਲਤ ਕੀਤੀ, ਜਿਸ ਵਿਚ ਸਿੱਖਿਆ, ਮਕਾਨ, ਪ੍ਰਵਾਸੀ ਮਜ਼ਦੂਰ ਅਤੇ ਬਾਲ ਪੋਸ਼ਣ ਸ਼ਾਮਲ ਹਨ। ਉਪ ਰਾਸ਼ਟਰਪਤੀ ਵਜੋਂ ਮੋਂਡੇਲ ਦਾ ਕਾਰਟਰ ਨਾਲ ਨੇੜਲਾ ਸੰਬੰਧ ਸੀ। ਵ੍ਹਾਈਟ ਹਾਊਸ ਵਿਚ ਆਪਣੇ ਸਾਲਾਂ ਤੋਂ ਬਾਅਦ, ਮੋਂਡੇਲ ਨੇ 1993-96 ਵਿਚ ਜਾਪਾਨ ’ਚ ਕਲਿੰਟਨ ਦੇ ਰਾਜਦੂਤ ਵਜੋਂ ਵੀ ਸੇਵਾ ਕੀਤੀ। ਬਾਇਡਨ ਪ੍ਰਸ਼ਾਸਨ ਨੇ ਵਾਲਟਰ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ ਹੈ।

Share