ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦੀ ਦਿਲ ਦੀ ਬਿਮਾਰੀ ਕਾਰਨ ਹੋਈ ਮੌਤ

405
ਇਗੋਰ ਵੋਵਕੋਵਿਨਸਕੀ ਦੀ ਇਕ ਪੁਰਾਣੀ ਤਸਵੀਰ ਜਿਸ ਵਿਚ ਉਹ ਇਕ ਪੱਤਰਕਾਰ ਨਾਲ ਬੈਠਾ ਨਜ਼ਰ ਆ ਰਿਹਾ ਹੈ
Share

ਸੈਕਰਾਮੈਂਟੋ, 24 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਗੋਰ ਵੋਵਕੋਵਿਨਸਕੀ ਨਾਮੀ ਅਮਰਕੀਨ ਜੋ ਅਮਰੀਕਾ ਦਾ ਸਭ ਤੋਂ ਲੰਬਾ ਵਿਅਕਤੀ ਸੀ, ਦੀ ਦਿਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਇਗੋਰ ਵੋਵਕੋਵਿਨਸਕੀ ਦਾ ਕੱਦ 7 ਫੁੱਟ, 8 ਇੰਚ ਸੀ ਤੇ ਉਸ ਦੀ ਉਮਰ 38 ਸਾਲ ਦੀ ਸੀ। ਮੂਲ ਰੂਪ ਵਿਚ ਉਸ ਦਾ ਸਬੰਧ ਯੁਕਰੇਨ ਨਾਲ ਸੀ। ਵੋਵਕੋਵਿਨਸਕੀ ਦੀ ਮਾਂ ਸਵੈਤਲਾਨਾ ਨੇ ਉਸ ਦੀ ਮੌਤ ਬਾਰੇ ਜਾਣਕਾਰੀ ਫੇਸਬੁੱਕ ਉਪਰ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਆਖਰੀ ਸਾਹ ਮਾਯੋ ਕਲੀਨਿਕ ਰੋਚੈਸਟਰ, ਮਿਨੀਸੋਟਾ ਵਿਚ ਲਏ। ਉਸ ਸਮੇਂ ਮਾਂ ਤੋਂ ਇਲਾਵਾ ਉਸ ਦਾ ਵੱਡਾ ਭਰਾ ਓਲੇਹ ਵੀ ਮੌਜੂਦ ਸੀ। ਮਾਂ ਨੇ ਫੇਸਬੁੱਕ ਉਪਰ ਪਾਈ ਪੋਸਟ ’ਚ ਦੱਸਿਆ ਕਿ ਉਸ ਦੇ ਆਖਰੀ ਰਾਤ ਦੇ ਖਾਣੇ ਵਿਚ ਕੀਵ ਕੇਕ ਤੇ ਫੈਂਟਾ ਸ਼ਾਮਲ ਸੀ। 1989 ’ਚ ਵੋਵਕੋਵਿਨਸਕੀ ਯੁਕਰੇਨ ਤੋਂ ਤਕਰੀਬਨ 7 ਸਾਲ ਦੀ ਉਮਰ ਵਿਚ ਆਪਣਾ ਇਲਾਜ਼ ਕਰਵਾਉਣ ਲਈ ਅਮਰੀਕਾ ਆਇਆ ਸੀ। ਉਦੋਂ ਤੋਂ ਹੀ ਉਹ ਰੋਚੈਸਟਰ ’ਚ ਰਹਿ ਰਿਹਾ ਸੀ। ਉਸ ਦੇ ਦਿਮਾਗ ਦੇ ਹੇਠਾਂ ਤੇ ਨੱਕ ਦੇ ਉਪਰ ਚਮੜੀ ਦੇ ਅੰਦਰ ਗਿਲਟੀ ਸੀ, ਜੋ ਉਸ ਦੇ ਅਸਾਧਾਰਨ ਵਿਕਾਸ ਦਾ ਕਾਰਨ ਬਣੀ। ਜਦੋਂ ਉਹ 27 ਸਾਲ ਦਾ ਸੀ, ਤਾਂ ਉਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਬੁੱਕ ਵਿਚ ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦੇ ਤੌਰ ’ਤੇ ਦਰਜ ਹੋਇਆ ਸੀ। 2009 ’ਚ ਉਸ ਨੇ ਅਮਰੀਕੀਆਂ ਦਾ ਧਿਆਨ ਉਸ ਵੇਲੇ ਖਿੱਚਿਆ ਸੀ, ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਉਸ ਨੂੰ ਟੀ ਸ਼ਰਟ ਪਹਿਨੇ ਹੋਏ ਵੇਖਿਆ ਸੀ, ਜਿਸ ਉਪਰ ਲਿਖਿਆ ਹੋਇਆ ਸੀ ‘‘ਵਿਸ਼ਵ ਦਾ ਸਭ ਤੋਂ ਵੱਡਾ ਉਬਾਮਾ ਦਾ ਸਮਰਥਕ’’।

Share