ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦਾ ਦਿਲ ਦੀ ਬਿਮਾਰੀ ਕਾਰਨ ਹੋਇਆ ਦੇਹਾਂਤ

300
Share

ਸੈਕਰਾਮੈਂਟੋ, 25 ਅਗਸਤ (ਹੁਸਨ ਲੜੋਆ ਬੰਗਾ/ਮਾਛੀਕੇ/ਧਾਲੀਆਂ/ਪੰਜਾਬ ਮੇਲ)- ਇਗੋਰ ਵੋਵਕੋਵਿਨਸਕੀ ਨਾਮੀ ਅਮਰਕੀਨ ਜੋ ਅਮਰੀਕਾ ਦਾ ਸਭ ਤੋਂ ਲੰਬਾ ਵਿਅਕਤੀ ਸੀ, ਦੀ ਦਿਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਇਗੋਰ ਵੋਵਕੋਵਿਨਸਕੀ ਦਾ ਕੱਦ 7 ਫੁੱਟ, 8 ਇੰਚ ਸੀ ਤੇ ਉਸ ਦੀ ਉਮਰ 38 ਸਾਲ ਦੀ ਸੀ। ਮੂਲ ਰੂਪ ਵਿਚ ਉਸ ਦਾ ਸਬੰਧ ਯੁਕਰੇਨ ਨਾਲ ਸੀ। ਵੋਵਕੋਵਿਨਸਕੀ ਦੀ ਮਾਂ ਸਵੈਤਲਾਨਾ ਨੇ ਉਸ ਦੀ ਮੌਤ ਬਾਰੇ ਜਾਣਕਾਰੀ ਫੇਸਬੁੱਕ ਉਪਰ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਆਖਰੀ ਸਾਹ ਮਾਯੋ ਕਲੀਨਿਕ ਰੋਚੈਸਟਰ, ਮਿਨੀਸੋਟਾ ਵਿਚ ਲਏ। ਉਸ ਸਮੇਂ ਮਾਂ ਤੋਂ ਇਲਾਵਾ ਉਸ ਦਾ ਵੱਡਾ ਭਰਾ ਓਲੇਹ ਵੀ ਮੌਜੂਦ ਸੀ। ਮਾਂ ਨੇ ਫੇਸਬੁੱਕ ਉਪਰ ਪਾਈ ਪੋਸਟ ’ਚ ਦੱਸਿਆ ਕਿ ਉਸ ਦੇ ਆਖਰੀ ਰਾਤ ਦੇ ਖਾਣੇ ਵਿਚ ਕੀਵ ਕੇਕ ਤੇ ਫੈਂਟਾ ਸ਼ਾਮਲ ਸੀ। 1989 ’ਚ ਵੋਵਕੋਵਿਨਸਕੀ ਯੁਕਰੇਨ ਤੋਂ ਤਕਰੀਬਨ 7 ਸਾਲ ਦੀ ਉਮਰ ਵਿਚ ਆਪਣਾ ਇਲਾਜ਼ ਕਰਵਾਉਣ ਲਈ ਅਮਰੀਕਾ ਆਇਆ ਸੀ। ਉਦੋਂ ਤੋਂ ਹੀ ਉਹ ਰੋਚੈਸਟਰ ’ਚ ਰਹਿ ਰਿਹਾ ਸੀ। ਉਸ ਦੇ ਦਿਮਾਗ ਦੇ ਹੇਠਾਂ ਤੇ ਨੱਕ ਦੇ ਉਪਰ ਚਮੜੀ ਦੇ ਅੰਦਰ ਗਿਲਟੀ ਸੀ, ਜੋ ਉਸ ਦੇ ਅਸਾਧਾਰਨ ਵਿਕਾਸ ਦਾ ਕਾਰਨ ਬਣੀ। ਜਦੋਂ ਉਹ 27 ਸਾਲ ਦਾ ਸੀ, ਤਾਂ ਉਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਬੁੱਕ ਵਿਚ ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦੇ ਤੌਰ ’ਤੇ ਦਰਜ ਹੋਇਆ ਸੀ। 2009 ’ਚ ਉਸ ਨੇ ਅਮਰੀਕੀਆਂ ਦਾ ਧਿਆਨ ਉਸ ਵੇਲੇ ਖਿੱਚਿਆ ਸੀ, ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਉਸ ਨੂੰ ਟੀ ਸ਼ਰਟ ਪਹਿਨੇ ਹੋਏ ਵੇਖਿਆ ਸੀ, ਜਿਸ ਉਪਰ ਲਿਖਿਆ ਹੋਇਆ ਸੀ ‘‘ਵਿਸ਼ਵ ਦਾ ਸਭ ਤੋਂ ਵੱਡਾ ਉਬਾਮਾ ਦਾ ਸਮਰਥਕ’’। 2010 ਵਿਚ 27 ਸਾਲਾਂ ਦੀ ਉਮਰ ਵਿਚ ਵੋਵਕੋਵਿਨਸਕੀ ਨੇ ਨਿਊਯਾਰਕ ਸਿਟੀ ਦੀ ਯਾਤਰਾ ਕੀਤੀ ਅਤੇ ਓਜ਼ ਦੇ ਸ਼ੋਅ ਵਿਚ ‘ਗਿਨੀਜ਼ ਵਰਲਡ ਰਿਕਾਰਡਜ਼’ ਦੇ ਅਧਿਕਾਰੀਆਂ ਦੁਆਰਾ ਉਸਨੂੰ ਅਮਰੀਕਾ ਦਾ ਸਭ ਤੋਂ ਲੰਬਾ ਜੀਵਤ ਵਿਅਕਤੀ ਐਲਾਨਿਆ ਗਿਆ। ਉਸਨੇ ਵਰਜੀਨੀਆ ਦੇ ਇੱਕ ਸ਼ੈਰਿਫ ਡਿਪਟੀ ਦੇ ਲੰਬੇ ਹੋਣ ਰਿਕਾਰਡ ਨੂੰ ਇੱਕ ਇੰਚ ਦੇ ਇੱਕ ਤਿਹਾਈ ਫਰਕ ਨਾਲ ਤੋੜਿਆ ਸੀ। ਵੋਵਕੋਵਿਨਸਕੀ ਨੇ 2012 ਵਿਚ ਵਿਸ਼ੇਸ਼ ਤੌਰ ’ਤੇ ਬਣਾਏ ਗਏ ਜੁੱਤੇ ਦੀ ਅੰਦਾਜ਼ਨ 16,000 ਡਾਲਰ ਦੀ ਲਾਗਤ ਨੂੰ ਪੂਰਾ ਕਰਨ ਲਈ ਇੱਕ ਪਟੀਸ਼ਨ ਜਾਰੀ ਕੀਤੀ ਸੀ। ਉਸ ਸਮੇਂ, ਉਸਨੇ ਕਿਹਾ ਕਿ ਉਸ ਕੋਲ ਸਾਲਾਂ ਤੋਂ ਅਜਿਹੀ ਜੋੜੀ ਨਹੀਂ ਸੀ, ਜੋ ਉਸਦੇ ਪੈਰ ਦੇ ਆਕਾਰ 26, 10ਈ ਫੁੱਟ ਦੇ ਅਨੁਕੂਲ ਹੋਵੇ। ਉਸ ਵੇਲੇ ਹਜ਼ਾਰਾਂ ਲੋਕਾਂ ਨੇ ਉਸਦੀ ਲੋੜ ਨਾਲੋਂ ਦੁੱਗਣੇ ਤੋਂ ਵੱਧ ਦਾਨ ਕੀਤਾ ਸੀ। ਵੋਵਕੋਵਿਨਸਕੀ ਦਾ ਜਨਮ 8 ਸਤੰਬਰ 1982 ਨੂੰ ਯੂਕਰੇਨ ਦੇ ਬਾਰ ਵਿਚ ਵੋਵਕੋਵਿੰਸਕਾ ਅਤੇ ਓਲੇਕਜ਼ੈਂਡਰ ਲਾਦਾਨ ਦੇ ਘਰ ਹੋਇਆ ਸੀ। ਉਸ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਗਈ ਸੀ। ਵੋਵਕੋਵਿਨਸਕੀ ਦੁਨੀਆ ਦੇ ਸਭ ਤੋਂ ਲੰਬੇ ਮਨੁੱਖ, ਤੁਰਕੀ ਦੇ ਸੁਲਤਾਨ ਕੋਸੇਨ ਨਾਲੋਂ ਲਗਭਗ 7 ਇੰਚ ਛੋਟਾ ਸੀ, ਜਿਸਨੂੰ 2018 ਵਿਚ ਗਿਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀਆਂ ਨੇ 8 ਫੁੱਟ 2.8 ਇੰਚ ਮਾਪਿਆ ਸੀ।

Share