ਅਮਰੀਕਾ ਦੇ ਸਭ ਤੋਂ ਧਨੀ ਲੋਕਾਂ ਦੀ ਸੂਚੀ ਵਿਚ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ ਲਗਾਤਾਰ ਤੀਜੇ ਸਾਲ ਪਹਿਲੇ ਨੰਬਰ ‘ਤੇ

814
ਨਿਊਯਾਰਕ, 9 ਸਤੰਬਰ (ਪੰਜਾਬ ਮੇਲ)- ਅਮਰੀਕਾ ਦੇ ਸਭ ਤੋਂ ਜ਼ਿਆਦਾ ਧਨੀ ਲੋਕਾਂ ਦੀ ਸੂਚੀ ਵਿਚ ਅਮੇਜ਼ਨ ਦੇ ਸੰਸਥਾਪਕ ਜੈਫ ਬਿਜੋਸ ਲਗਾਤਾਰ ਤੀਜੇ ਸਾਲ ਪਹਿਲੇ ਨੰਬਰ ‘ਤੇ ਰਹੇ। ਸਭ ਤੋਂ ਧਨੀ ਅਮਰੀਕੀ ਲੋਕਾਂ ਦੀ  ਫੋਰਬਸ ਦੀ ਸੂਚੀ ਵਿਚ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਬਿਲ ਗੇਟਸ ਦੂਜੀ ਥਾਂ ‘ਤੇ ਰਹੇ। 400 ਲੋਕਾਂ ਦੀ ਇਸ ਸੂਚੀ ਵਿਚ ਇਸ ਵਾਰ ਸੱਤ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਵੀ ਅਮਰੀਕੀ ਧਨਵਾਨਾਂ ਦੀ ਜਾਇਦਾਦ ਵਿਚ ਭਾਰੀ ਵਾਧਾ ਹੋਇਆ। ਸੂਚੀ ਵਿਚ ਸ਼ਾਮਲ 400 ਲੋਕਾਂ ਦੀ ਕੁਲ ਜਾਇਦਾਦ 32 ਖਰਬ ਡਾਲਰ ਹੈ। ਪਿਛਲੇ ਸਾਲ ਦੇ ਮੁਕਾਬਲੇ ਕੁਲ ਜਾਇਦਾਦ ਵਿਚ 240 ਅਰਬ ਡਾਲਰ ਦਾ ਵਾਧਾ ਹੋਇਆ ਹੈ।  ਫੋਰਬਸ ਦੇ ਅਨੁਸਾਰ ਸਭ ਤੋਂ ਜ਼ਿਆਦਾ ਧਨੀ ਜੈਫ ਬਿਜੋਸ ਦੀ ਕੁਲ ਜਾਇਦਾਦ 179 ਅਰਬ ਡਾਲਰ ਹੈ। ਬਿਲ ਗੇਟਸ ਦੀ ਕੁਲ ਜਾਇਦਾਦ 111 ਅਰਬ ਡਾਲਰ ਦੱਸੀ ਗਈ ਹੈ।

ਇਸ ਸੂਚੀ ਵਿਚ ਸੱਤ ਭਾਰਤੀ ਅਮਰੀਕੀ ਲੋਕਾਂ ਨੇ ਵੀ ਜਗ੍ਹਾ ਬਣਾਈ ਹੈ। ਇਨ੍ਹਾਂ ਵਿਚ ਸਾਈਬਰ ਸਕਿਓਰਿਟੀ ਫਰਮ ਜੈਡਸਕੈਲਰ ਦੇ ਸੀਈਓ ਜੇ ਚੌਧਰੀ, ਸਿੰਫਨੀ ਟੈਕਨਾਲੌਜੀ ਗਰੁੱਪ ਦੇ ਸੰਸਥਾਪਕ ਚੇਅਰਮੈਨ ਰੋਮੇਸ਼ ਬਾਧਵਾਨੀ, ਆਨਲਾਈਨ ਸਮਾਨ ਪਹੁੰਚਾਉਣ ਵਾਲੀ ਕੰਪਨੀ ਵੇਫੇਅਰ ਦੇ ਸਹਿ ਸੰਸਥਾਪਕ ਅਤੇ ਸੀਈਓ ਨੀਰਜ ਸ਼ਾਹ, ਸਿਲੀਕੌਨ ਵੈਲੀ ਵੇਂਚਰ ਕੈਪਿਟਲ ਫਰਮ ਖੋਸਲਾ ਵੇਂਚਰਸ ਦੇ ਸੰਸਥਾਪਕ ਵਿਨੋਦ ਖੋਸਲਾ, ਸ਼ੇਰਪਾਲੋ ਵੇਂਚਰਸ ਦੇ ਪਾਰਟਨਰ ਕਵਿਤਾਰਕ ਰਾਮ ਸ੍ਰੀਰਾਮ, ਏਅਰਲਾਈਨ ਵੈਟਰਨ ਰਾਕੇਸ਼ ਗੰਗਵਾਲ ਅਤੇ ਵਰਕਡੇ ਦੇ ਸੀਈਓ ਅਤੇ ਸੰਸਥਾਪਕ ਅਨੀਲ ਭੂਸਰੀ ਸ਼ਾਮਲ ਹਨ। ਇਸ ਸੂਚੀ ਵਿਚ ਫੇਸਬੁੱਕ ਸੰਸਥਾਪਕ ਮਾਰਕ ਜ਼ੁਕਰਬਰਗ 85 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਤੀਜੇ ਨੰਬਰ ‘ਤੇ ਹਨ। ਵਾਰੇਨ ਬਫੇ ਚੌਥੇ,  ਲੈਰੀ ਐਲਿਸਨ ਪੰਜਵੇਂ, ਜਦ ਕਿ ਟਰੰਪ ਨੂੰ 339ਵਾਂ ਸਥਾਨ ਮਿਲਿਆ ਹੈ। ਭਾਰਤੀ ਮੂਲ ਦੇ ਜੇ ਚੌਧਰੀ ਨੂੰ 85ਵਾਂ ਨੰਬਰ ਮਿਲਆ। ਰੋਮੇਸ਼ ਵਾਧਵਾਨੀ ਨੂੰ 238ਵਾਂ ਨੰਬਰ ਮਿਲਿਆ ਹੈ।