ਅਮਰੀਕਾ ਦੇ ਲਿਟਰੇਸੀ ਐਜੂਕੇਸ਼ਨ ਪ੍ਰੋਗਰਾਮ ਅਚੀਵ 3000 ਸੰਸਥਾ ਦੇ ਸਿਲੇਬਸ ’ਚ ਸ਼ਾਮਲ ਹੋਵੇਗਾ ਸੰਦੀਪ ਦਾ ਨਾਂ

174
Share

ਕੈਨੇਡਾ/ਨਕੋਦਰ/ਮਹਿਤਪੁਰ, 20 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਜਦੋਂ ਕਿਸੇ ਵੀ ਇਨਸਾਨ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੋਵੇ ਤੇ ਉਹ ਇਨਸਾਨ ਮਿਹਨਤ ਵੀ ਪੂਰੀ ਸੱਚੀ ਨੀਅਤ ਨਾਲ ਕਰਦਾ ਹੋਵੇ, ਤਾਂ ਉਹ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰ ਸਕਦਾ ਹੈ। ਇੱਕ ਅਜਿਹੀ ਹੀ ਮਿਸਾਲ ਸਾਡੇ ਸਾਹਮਣੇ ਪੇਸ਼ ਕੀਤੀ ਹੈ ਸੰਦੀਪ ਸਿੰਘ ਕੈਲਾ ਨੇ। ਚਾਰ ਵਿਸ਼ਵ ਕੀਰਤੀਮਾਨ ਬਣਾਉਣ ਤੋਂ ਬਾਅਦ ਹੁਣ ਸੰਦੀਪ ਦਾ ਨਾਂ ਅਮਰੀਕਾ ਵਰਗੇ ਵਿਕਾਸਸ਼ੀਲ ਦੇਸ਼ ਦੇ ਪੜ੍ਹਾਈ ਦੇ ਸਿਲੇਬਸ ਵਿਚ ਵੀ ਸ਼ਾਮਲ ਕਰ ਲਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇੱਕ ਲਿਟਰੇਸੀ ਐਜੂਕੇਸ਼ਨ ਪ੍ਰੋਗਰਾਮ ਅਚੀਵ 3000 ਸੰਸਥਾ ਦੇ ਸਿਲੇਬਸ ਵਿਚ ਸੰਦੀਪ ਦਾ ਨਾਂ ਦਾਖਲ ਹੋਣ ਜਾ ਰਿਹਾ ਹੈ। ਇਹ ਸੰਸਥਾ ਹਰ ਸਾਲ 3 ਨਵੇਂ ਗਿੰਨੀਜ਼ ਵਰਲਡ ਰਿਕਾਰਡ ਹੋਲਡਰਜ਼ ਦਾ ਨਾਂ ਆਪਣੇ ਸਿਲੇਬਸ ਵਿਚ ਦਰਜ਼ ਕਰਦੇ ਹਨ ।
ਜਦੋਂ ਇਸ ਸੰਸਥਾ ਦੀ ਮੈਨੇਜਰ ਮਾਰਗਰੀਟ ਨੇ ਗਿੰਨੀਜ਼ ਵਰਲਡ ਰਿਕਾਰਡ ਵਾਲ਼ਿਆਂ ਤੋਂ ਇਸ ਸਾਲ ਦੇ 3 ਸਭ ਤੋਂ ਵਧੀਆ ਵਿਸ਼ਵ ਰਿਕਾਰਡ ਦੀ ਲਿਸਟ ਮੰਗੀ, ਤਾਂ ਉਸ ਲਿਸਟ ਵਿਚ ਸੰਦੀਪ ਦੀ ਨਾਂ ਸਭ ਤੋਂ ਅੱਗੇ ਸੀ। ਫਿਰ ਮਾਰਗਰੀਟ ਨੇ ਈਮੇਲ ਰਾਹੀਂ ਸੰਦੀਪ ਨਾਲ ਸੰਪਰਕ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸੰਦੀਪ ਦਾ ਨਾਂ ਉਨ੍ਹਾਂ ਦੇ ਸਿਲੇਬਸ ਵਿਚ ਦਰਜ਼ ਕਰ ਰਹੀ ਹੈ ਅਤੇ ਦੱਸਿਆ ਕਿ ਵੱਖ-ਵੱਖ ਕਲਾਸਾਂ ਅਤੇ ਵੱਖ-ਵੱਖ ਲੈਵਲ ਦੇ ਵਿਦਿਆਰਥੀਆਂ ਲਈ ਇੱਕ ਵੀਡਿਓ, ਫੋਟੋ ਸਲਾਈਡ ਸ਼ੋਅ ਅਤੇ ਇੱਕ ਸੰਦੀਪ ਦੀ ਜ਼ਿੰਦਗੀ ਅਤੇ ਉਸ ਦੁਆਰਾ ਬਣਾਏ ਗਏ ਰਿਕਾਰਡ ਦੇ ਬਾਰੇ ਆਰਟੀਕਲ ਜਾਂ ਲੇਖ ਹੋਵੇਗਾ, ਜਿਸਨੂੰ ਵਿਦਿਆਰਥੀ ਪੜ੍ਹਨਗੇ ਤੇ ਦੇਖਣਗੇ। ਫਿਰ ਉਸ ਦੇ ਵਿਚੋਂ ਹੀ ਉਨ੍ਹਾਂ ਦੀ ਇੱਕ ਪ੍ਰੀਖਿਆ ਹੋਵੇਗੀ। ਅਜਿਹਾ ਕਰਨ ਵਾਲਾ ਸੰਦੀਪ ਪਹਿਲਾ ਪੰਜਾਬੀ ਗਿੰਨੀਜ਼ ਵਰਲਡ ਰਿਕਾਰਡ ਹੋਲਡਰ ਹੈ। ਇਸ ਖ਼ਬਰ ਦੇ ਪਤਾ ਲੱਗਦਿਆਂ ਸਾਰ ਉਸ ਦੇ ਪਿੰਡ ਬੱਡੂਵਾਲ ਵਿਚ ਖੁਸ਼ੀ ਦੀ ਲਹਿਰ ਜਾਗ ਪਈ। ਇਸ ਸਭ ਕੁਝ ਲਈ ਸੰਦੀਪ ਪ੍ਰਮਾਤਮਾ, ਪਿੰਡ ਬੱਡੂਵਾਲ ਅਤੇ ਆਪਣੇ ਮਾਤਾ-ਪਿਤਾ ਦਾ ਧੰਨਵਾਦ ਕਰਦਾ ਹੈ ।

Share