ਅਮਰੀਕਾ ਦੇ ਫਲੋਰਿਡਾ ਰਾਜ ਦੇ ਸਕੂਲਾਂ ’ਚ ਸਟਾਫ ਦੀ ਭਾਰੀ ਘਾਟ

188
Share

* ਅਧਿਆਪਕਾਂ ਤੇ ਹੋਰ ਸਟਾਫ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ
ਸੈਕਰਾਮੈਂਟੋ, 13 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਸ ਸਿੱਖਿਆ ਸਾਲ ਦੌਰਾਨ ਜਦੋਂ ਤੋਂ ਸਕੂਲ ਸ਼ੁਰੂ ਹੋਏ ਹਨ, ਅਮਰੀਕਾ ਦੇ ਫਲੋਰਿਡਾ ਰਾਜ ’ਚ ਅਧਿਆਪਕਾਂ ਤੇ ਹੋਰ ਸਟਾਫ ਦੀ ਭਾਰੀ ਘਾਟ ਪਾਈ ਜਾ ਰਹੀ ਹੈ। ਫਲੋਰਿਡਾ ਐਜੂਕੇਸ਼ਨ ਐਸੋਸੀਏਸ਼ਨ ਤੋਂ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਫਲੋਰਿਡਾ ਦੇ ਸਕੂਲਾਂ ’ਚ ਅਧਿਆਪਕਾਂ ਦੀਆਂ 5000 ਤੋਂ ਵਧ ਅਸਾਮੀਆਂ ਖਾਲੀ ਹਨ ਤੇ ਹੋਰ ਸਟਾਫ ਦੀਆਂ 4000 ਤੋਂ ਵਧ ਅਸਾਮੀਆਂ ਭਰੀਆਂ ਨਹੀਂ ਜਾ ਰਹੀਆਂ। ਫਲੋਰਿਡਾ ਐਜੂਕੇਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਐਂਡਰੀਊ ਸਪਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਨੇ ਇਸ ਸਾਲ ਅਗਸਤ ਵਿਚ ਅਸਾਮੀਆਂ ਦੀ ਸਥਿਤੀ ਬਾਰੇ ਅੰਕੜੇ ਜਾਰੀ ਕੀਤੇ ਸਨ ਪਰੰਤੂ ਉਸ ਤੋਂ ਬਾਅਦ ਹਾਲਾਤ ਹੋਰ ਨਿਘਰ ਗਏ ਹਨ ਤੇ ਖਾਲੀ ਅਸਾਮੀਆਂ ਦੀ ਗਿਣਤੀ ਘੱਟਣ ਦੀ ਬਜਾਏ ਵਧ ਗਈ ਹੈ। ਇਸ ਵੇਲੇ ਸਕੂਲਾਂ ਵਿਚ 5100 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਹੈ ਕਿ ਸਾਡੇ ਪਬਲਿਕ ਸਕੂਲਾਂ ਲਈ ਇਹ ਸਥਿਤੀ ਤੇ ਰੁਝਾਨ ਬਹੁਤ ਖਤਰਨਾਕ ਹੈ। ਇਸ ਵੇਲੇ ਰਾਜ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਵੱਲ ਫੌਰਨ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਕੂਲ ਛੱਡੇ ਰਹੇ ਹਨ ਤੇ ਨੌਜਵਾਨ ਅਧਿਆਪਕ ਵਜੋਂ ਕਰੀਅਰ ਸ਼ੁਰੂ ਕਰਨ ਦੇ ਹੱਕ ਵਿਚ ਨਹੀਂ ਹਨ। ਫਲੋਰਿਡਾ ਐਜੂਕੇਸ਼ਨ ਐਸੋਸੀਏਸ਼ਨ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਅਧਿਆਪਕਾਂ ਉਪਰ ਦਬਾਅ ਵਧਿਆ ਹੈ ਤੇ ਬੇਯਕੀਨੀ ਵਾਲੇ ਹਾਲਾਤ ਪੈਦਾ ਹੋਏ ਹਨ। ਘੱਟ ਤਨਖਾਹ ਨੇ ਵੀ ਸਮੱਸਿਆ ਵਿਚ ਵਾਧਾ ਕੀਤਾ ਹੈ। ਫਲੋਰਿਡਾ ਐਜੂਕੇਸ਼ਨ ਐਸੋਸੀਏਸ਼ਨ ਅਨੁਸਾਰ ਅਗਸਤ 2020 ਤੋਂ ਬਾਅਦ ਅਗਸਤ 2021 ਤੱਕ ਸਕੂਲਾਂ ’ਚ ਅਧਿਆਪਕਾਂ ਦੀਆਂ ਅਸਾਮੀਆਂ ’ਚ 67% ਵਾਧਾ ਹੋਇਆ ਹੈ ਪਰੰਤੂ ਇਸ ਵੇਲੇ ਸਕੂਲ ਅਧਿਆਪਕਾਂ ਦੀ ਘਾਟ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸਕੂਲਾਂ ’ਚ ਕੰਮ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਵੱਡੀਆਂ ਕਲਾਸਾਂ ਨੂੰ ਪੜ੍ਹਾਉਣਾ ਪੈ ਰਿਹਾ ਹੈ, ਜੋ ਮੁਸ਼ਕਿਲ ਹੀ ਨਹੀਂ, ਬਲਕਿ ਅਸੰਭਵ ਹੈ। ਇਸ ਬਦਲੇ ਜੋ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ, ਉਹ ਰਾਸ਼ਟਰੀ ਔਸਤ ਨਾਲੋਂ ਬਹੁਤ ਘੱਟ ਹਨ।
ਇਹ ਹਾਲਾਤ ਉਸ ਵੇਲੇ ਪੈਦਾ ਹੋਏ ਹਨ, ਜਦੋਂ ਸਕੂਲਾਂ ’ਚ ਬੱਚਿਆਂ ਦੁਆਰਾ ਮਾਸਕ ਪਾਉਣ ਜਾਂ ਨਾ ਪਾਉਣ ਬਾਰੇ ਚਰਚਾ ਚੱਲ ਰਹੀ ਹੈ। ਅਮਰੀਕੀ ਸਕੂਲ ਵਿਭਾਗ ਨੇ ਹਾਲ ਹੀ ਵਿਚ ਫਲੋਰਿਡਾ ਦੇ ਉਨ੍ਹਾਂ ਅਧਿਆਪਕਾਂ ਲਈ ਤਨਖਾਹਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਦੀਆਂ ਤਨਖਾਹਾਂ ਗਵਰਨਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਮਾਸਕ ਪਹਿਣਨਾ ਜ਼ਰੂਰੀ ਕਰ ਦੇਣ ਦੇ ਸਿੱਟੇ ਵਜੋਂ ਰੋਕ ਲਈਆਂ ਗਈਆਂ ਸਨ। ਗਵਰਨਰ ਦੇ ਆਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਬੱਚਿਆਂ ਨੇ ਮਾਸਕ ਪਾਉਣਾ ਹੈ ਜਾਂ ਨਹੀਂ, ਇਸ ਗੱਲ ਦਾ ਨਿਰਣਾ ਮਾਪੇ ਕਰਨਗੇ, ਨਾ ਕਿ ਸਕੂਲ ਅਧਿਕਾਰੀ।

Share