ਅਮਰੀਕਾ ਦੇ ਪੋਰਟੋ ਰਿਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ

20
Share

ਸੈਨ ਜੁਆਨ, 14 ਮਈ (ਪੰਜਾਬ ਮੇਲ)- ਅਮਰੀਕਾ ‘ਚ ਪੋਰਟੋ ਰਿਕੋ ਨੇੜੇ ਇਕ ਟਾਪੂ ਦੇ ਉੱਤਰ-ਪੱਛਮ ‘ਚ ਇਕ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਦਕਿ 38 ਹੋਰਾਂ ਨੂੰ ਬਚਾ ਲਿਆ ਗਿਆ ਹੈ। ਅਮਰੀਕੀ ਕੋਸਟ ਗਾਰਡ ਕਿਸ਼ਤੀ, ਜਹਾਜ਼ ਅਤੇ ਹੈਲੀਕਾਪਟਰ ਰਾਹੀਂ ਕਿਸ਼ਤੀ ‘ਚ ਸਵਾਰ ਹੋਰ ਲੋਕਾਂ ਦੀ ਭਾਲ ‘ਚ ਸ਼ੁੱਕਰਵਾਰ ਨੂੰ ਜੁਟੇ ਰਹੇ। ਖ਼ਦਸ਼ਾ ਹੈ ਕਿ ਕਿਸ਼ਤੀ ‘ਚ ਪ੍ਰਵਾਸੀ ਸਵਾਰ ਸਨ।
ਯੂ.ਐੱਸ. ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਇਕ ਹੈਲੀਕਪਟਰ ਨੇ ਪਾਣੀ ਵਾਲੇ ਖੇਤਰ ‘ਚ ਪਲਟੀ ਕਿਸ਼ਤੀ ਦਾ ਵੀਰਵਾਰ ਨੂੰ ਪਤਾ ਲਾਇਆ ਸੀ। ਡੇਸਚੇਓ ਟਾਪੂ ਦੇ ਉੱਤਰ ‘ਚ 18 ਕਿਲੋਮੀਟਰ ਦੇ ਦਾਇਰੇ ‘ਚ ਬਚਾਅ ਕੋਸ਼ਿਸ਼ਾਂ ਨੂੰ ਕੇਂਦਰਿਤ ਕੀਤਾ ਗਿਆ ਹੈ। ਇਸ ਟਾਪੂ ‘ਤੇ ਲੋਕ ਨਹੀਂ ਰਹਿੰਦੇ ਹਨ। ਅਮਰੀਕੀ ਕੋਸਟ ਗਾਰਡ ਦੇ ਬੁਲਾਰੇ ਰਿਕਾਰਡੋ ਕਾਸਟ੍ਰੋਡੈਡ ਨੇ ਦੱਸਿਆ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਮਚਾਰੀਆਂ ਨੇ ਰਾਤ ਭਰ ਕੰਮ ਕੀਤਾ ਹੈ।
ਕਿਸ਼ਤੀ ‘ਚ ਸਵਾਰ ਲੋਕਾਂ ਦੀ ਸਹੀ ਗਿਣਤੀ ਦਾ ਤੁਰੰਤ ਪਤਾ ਨਹੀਂ ਚੱਲ ਪਾਇਆ ਹੈ। ਉਨ੍ਹਾਂ ਕਿਹਾ ਕਿ ਬਚਾਏ ਗਏ 38 ਲੋਕਾਂ ‘ਚੋਂ 36 ਹੈਤੀ ਦੇ ਹਨ, ਜਦਕਿ ਦੋ ਡੋਮੀਨਿਕਲ ਗਣਰਾਜ ਦੇ ਹਨ। ਹੈਤੀ ਦੇ ਘਟੋ-ਘੱਟ 8 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਕਿਸ਼ਤੀ ‘ਚ ਸਵਾਰ ਸਾਰੇ ਲੋਕ ਕਿਸ ਦੇਸ਼ ਦੇ ਹਨ, ਇਸ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।


Share