ਅਮਰੀਕਾ ਦੇ ਟੈਨੇਸੀ ‘ਚ ਭਿਆਨਕ ਤੂਫਾਨ ਕਾਰਨ 25 ਲੋਕਾਂ ਦੀ ਮੌਤ

520
Share

-140 ਇਮਾਰਤਾਂ ਨੂੰ ਪੁੱਜਾ ਨੁਕਸਾਨ
ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਟੈਨੇਸੀ ਸੂਬੇ ‘ਚ ਆਏ ਭਿਆਨਕ ਤੂਫਾਨ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਛੋਟੇ-ਛੋਟੇ ਬੱਚੇ ਵੀ ਹਨ। ਇਸ ਤੂਫਾਨ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਹਰ ਪਾਸੇ ਬਰਬਾਦੀ ਦਾ ਮੰਜ਼ਰ ਹੈ ਤੇ ਘੱਟੋ-ਘੱਟ 140 ਇਮਾਰਤਾਂ ਤੂਫਾਨ ਦੀ ਲਪੇਟ ‘ਚ ਆ ਗਈਆਂ। ਪ੍ਰਭਾਵਿਤ ਖੇਤਰਾਂ ‘ਚ ਸਕੂਲ, ਕਾਲਜ ਅਤੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਘਰਾਂ ਦੇ ਤੂਫਾਨ ਦੀ ਲਪੇਟ ‘ਚ ਆਉਣ ਮਗਰੋਂ ਸਥਾਨਕ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਟਵੀਟ ਕੀਤਾ, ”ਆਪਣੀ ਸੁਰੱਖਿਆ ਕਰੋ। ਇਹ ਬਹੁਤ ਹੀ ਖਤਰਨਾਕ ਤੂਫਾਨ ਹੈ।” ਗਵਰਨਰ ਬਿਲ ਲੀ ਨੇ ਮੰਗਲਵਾਰ ਦੇਰ ਰਾਤ ਟਵਿੱਟਰ ‘ਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ।” ਮੇਅਰ ਜਾਨ ਕਪੂਰ ਨੇ ਕਿਹਾ ਕਿ ਤਕਰੀਬਨ 150 ਲੋਕਾਂ ਨੂੰ ਮੈਡੀਕਲ ਕੇਂਦਰਾਂ ਤੱਕ ਲੈ ਜਾਇਆ ਗਿਆ ਜਦਕਿ ਸ਼ਹਿਰ ‘ਚ ਤਕਰੀਬਨ 50 ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Share